ਪਿਛਲੇ ਹਫ਼ਤੇ ਦੁਨੀਆਂ ਭਰ ’ਚ ਕਰੋਨਾ ਕੇਸ 17 ਫ਼ੀਸਦੀ ਘਟੇ: ਡਬਲਯੂ.ਐੱਚ.ਓ.

373
Share

ਜਨੇਵਾ, 10 ਫਰਵਰੀ (ਪੰਜਾਬ ਮੇਲ)- ਵਿਸ਼ਵ ਸਿਹਤ ਸੰਸਥਾ (ਡਬਲਯੂ.ਐੱਚ.ਓ.) ਨੇ ਦੱਸਿਆ ਕਿ ਪਿਛਲੇ ਹਫ਼ਤੇ ਦੁਨੀਆਂ ਭਰ ’ਚ ਕਰੋਨਾ ਕੇਸਾਂ ਦੀ ਗਿਣਤੀ ਉਸ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ 17 ਫ਼ੀਸਦੀ ਘਟੀ ਹੈ, ਜਿਸ ਵਿਚ ਅਮਰੀਕਾ ’ਚ ਘਟੇ 50 ਫ਼ੀਸਦੀ ਕੇਸ ਵੀ ਸ਼ਾਮਲ ਹਨ। ਜਦਕਿ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ 7 ਫ਼ੀਸਦੀ ਘਟੀ ਹੈ।
ਇਹ ਖੁਲਾਸਾ ਯੂ.ਐੱਨ. ਸਿਹਤ ਏਜੰਸੀ ਦੀ ਮੰਗਲਵਾਰ ਦੇਰ ਰਾਤ ਜਾਰੀ ਹਫ਼ਤਾਵਾਰੀ ਮਹਾਮਾਰੀ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਜੀ.ਆਈ.ਐੱਸ.ਏ.ਆਈ.ਡੀ. ਵੱਲੋਂ ਕੌਮਾਂਤਰੀ ਪੱਧਰ ’ਤੇ ਇਕੱਠੇ ਅੰਕੜਿਆਂ ਮੁਤਾਬਕ ਕਰੋਨਾ ਦਾ ਓਮੀਕਰੋਨ ਰੂਪ ਬਹੁਤ ਤੇਜ਼ੀ ਨਾਲ ਫੈਲਿਆ, ਜਿਸ ਦੇ 97 ਫ਼ੀਸਦੀ ਕੇਸ ਪਾਏ ਗਏ। ਜਦਕਿ ਕਰੋਨਾ ਦੇ ਡੈਲਟਾ ਰੂਪ ਦੇ ਕੇਸ 3 ਫ਼ੀਸਦੀ ਤੋਂ ਕੁਝ ਜ਼ਿਆਦਾ ਸਨ।¿;
ਡਬਲਯੂ.ਐੱਚ.ਓ. ਨੇ ਕਿਹਾ, ‘‘ਓਮੀਕਰੋਨ ਰੂਪ ਦਾ ਪਸਾਰ ਆਲਮੀ ਪੱਧਰ ’ਤੇ ਹੋ ਚੁੱਕਾ ਹੈ ਅਤੇ ਹੁਣ ਇਹ ਲਗਪਗ ਹਰ ਮੁਲਕ ਵਿਚ ਪਾਇਆ ਜਾ ਰਿਹਾ ਹੈ।’’ ਰਿਪੋਰਟ ਮੁਤਾਬਕ, ‘‘ਭਾਵੇਂਕਿ, ਬਹੁਤੇ ਮੁਲਕਾਂ ਵਿਚ ਓਮੀਕਰੋਨ ਦੇ ਕੇਸਾਂ ਵਿਚ ਪਹਿਲਾਂ ਬਹੁਤ ਜ਼ਿਆਦਾ ਵਾਧਾ ਦਰਜ ਹੋਇਆ ਪਰ ਜਨਵਰੀ 2022 ਦੇ ਸ਼ੁਰੂ ਤੋਂ ਲੈ ਕੇ ਕੁੱਲ ਨਵੇਂ ਕੇਸਾਂ ਦੀ ਗਿਣਤੀ ਘੱਟ ਦਰਜ ਹੋਈ ਹੈ।’’ ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ 31 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ ਹਫ਼ਤੇ ਦੌਰਾਨ ਇੱਕ ਕਰੋੜ 90 ਲੱਖ ਤੋਂ ਵੱਧ ਨਵੇਂ ਕਰੋਨਾ ਕੇਸ ਮਿਲੇ ਅਤੇ 68 ਹਜ਼ਾਰ ਤੋਂ ਘੱਟ ਮੌਤਾਂ ਹੋਈਆਂ ਹਨ। ਡਬਲਯੂ.ਐੱਚ.ਓ. ਦੇ 6 ਜ਼ੋਨਾਂ ਵਿਚ ਕੇਸ ਘਟੇ ਹਨ, ਜਦਕਿ ਪੂਰਬੀ ਭੂ-ਮੱਧ ਜ਼ੋਨ ਵਿਚ ਕੇਸਾਂ ’ਚ 36 ਫ਼ੀਸਦੀ ਵਾਧਾ ਹੋਇਆ ਹੈ, ਜਿੱਥੇ ਅਫ਼ਗਾਨਿਸਤਾਨ, ਇਰਾਨ ਅਤੇ ਜੌਰਡਨ ਵਿਚ ਕੇਸਾਂ ’ਚ ਵਾਧਾ ਦਰਜ ਕੀਤਾ ਗਿਆ। ਯੂਰਪ ਵਿਚ ਕੇਸਾਂ ਦੀ ਗਿਣਤੀ 7 ਫ਼ੀਸਦੀ ਘਟੀ ਹੈ।

Share