ਪਾਵੈਲ ਝੀਲ ਵਿਚ ਪਾਣੀ ਰਿਕਾਰਡ ਪੱਧਰ ਤੱਕ ਘੱਟਿਆ

480
Share

ਸੈਲਾਨੀਆਂ ਦੀ ਆਮਦ ਬੰਦ, ਕਿਸ਼ਤੀਆਂ ਕੰਢਿਆਂਤੇ ਕੀਤੀਆਂ ਖੜੀਆਂ 

ਸੈਕਰਾਮੈਂਟੋ, 8 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਮਨੁੱਖ ਦੁਆਰਾ ਕਾਰਖਾਨਿਆਂ ਰਾਹੀਂ ਪੈਦਾ ਕੀਤੀ ਜਾ ਰਹੀ ਤਪਸ਼ ਤੇ ਘੱਟ ਰਹੇ ਜੰਗਲੀ ਖੇਤਰ ਕਾਰਨ ਮੌਸਮ ਵਿਚ ਆਈ ਤਬਦੀਲੀ ਦੇ ਸਿੱਟੇ ਵਜੋਂ ਵਿਸ਼ਵ ਦੇ ਕਈ ਦੇਸ਼ਾਂ ਨੂੰ ਸੋਕੇ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਵੀ ਇਸ ਤੋਂ ਬਚਿਆ ਨਹੀਂ  ਹੈ। ਅਮਰੀਕਾ ਦੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਕੋਲੋਰਾਡੋ ਦਰਿਆ ਵਿਚੋਂ ਨਿਕਲਦੀ ਝੀਲ, ਜਿਥੇ ਸੈਲਾਨੀਆਂ ਦੀ ਭਰਮਾਰ ਰਹਿੰਦੀ ਸੀ, ਵਿਚ ਪਾਣੀ ਦਾ ਪੱਧਰ ਘੱਟਣ ਕਾਰਨ ਸੁੰਨੀ ਪਈ ਹੈ।  ਇਹ ਝੀਲ ਉਟਾਹ ਤੇ ਐਰੀਜ਼ੋਨਾ ਦੀ ਸਰਹੱਦ ਉਪਰ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਝੀਲ ਵਿੱਚ 50 ਫੁੱਟ ਪਾਣੀ ਘੱਟ ਹੈ ਜਿਸ ਕਾਰਨ ਸੈਲਾਨੀਆਂ ਦੀ ਆਮਦ ਬੰਦ ਹੋ ਗਈ ਹੈ। ਕਾਰੋਬਾਰੀ ਆਪਣੀਆਂ ਕਿਸ਼ਤੀਆਂ ਨੂੰ ਕੰਢਿਆਂ ਉਪਰ ਖੜ ਕਰਨ ਲਈ ਮਜਬੂਰ ਹੋ ਰਹੇ ਹਨ ਤੇ ਕੁਝ ਆਪਣੀਆਂ ਕਿਸ਼ਤੀਆਂ ਨੂੰ ਇਥੋਂ ਹੋਰ ਕਿਤੇ ਲੈ ਗਏ ਹਨ। ਇਸ ਝੀਲ ‘ਤੇ ਆਉਣ ਵਾਲੇ ਸੈਲਾਨੀਆਂ ਉਪਰ ਨਿਰਭਰ ਹੋਰ ਕਾਰੋਬਾਰ ਵੀ ਬਹੁਤ ਮੁਸ਼ਕਿਲ ਹਾਲਾਤ ਵਿਚੋਂ ਗੁਜਰ ਰਹੇ ਹਨ। ਅਗਸਤ ਮਹੀਨੇ ਦੌਰਾਨ ਸੈਲਾਨੀਆਂ ਦੀ ਭਰਮਾਰ ਰਹਿੰਦੀ ਸੀ ਪਰ ਹੁਣ ਪੈਦਾ ਹੋਏ ਹਾਲਾਤ ਕਾਰਨ ਹਾਊਸਬੋਟ ਰੈਂਟਲ ਕੰਪਨੀਆਂ ਨੇ ਅਗਸਤ ਮਹੀਨੇ ਲਈ ਬੁਕਿੰਗ ਰੱਦ ਕਰ ਦਿੱਤੀ ਹੈ। ਨੈਸ਼ਨਲ ਪਾਰਕ ਸਰਵਿਸ ਜੋ ਝੀਲ ਦਾ ਪ੍ਰਬੰਧ ਚਲਾਉਂਦੀ ਹੈ, ਨੇ ਲੋਕਾਂ ਨੂੰ ਝੀਲ ਵਿਚ ਕਿਸ਼ਤੀਆਂ ਲੈ ਜਾਣ ਤੋਂ ਰੋਕ ਦਿੱਤਾ ਹੈ। ਅਪ  ਲੇਕ ਐਡਵੈਂਚਰ ਕੰਪਨੀ ਦੇ ਮਾਲਕ ਬਾਬ ਰੀਡ ਨੇ ਕਿਹਾ ਹੈ ਕਿ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਇਕ ਬਹੁਤ ਹੀ ਸੁੰਦਰ ਸਥਾਨ ਬੰਦ ਹੋ ਰਿਹਾ ਹੈ।

ਪਾਵੈਲ ਝੀਲ ਵਿਚ ਪਾਣੀ ਦਾ ਪੱਧਰ ਘੱਟਣ ਕਾਰਨ ਕੰਢੇ ‘ਤੇ ਖੜੀ ਇਕ ਕਿਸ਼ਤੀ (ਸੱਜੇੇ) ਹੋਰ ਕਿਤੇ ਲਿਜਾਣ ਲਈ ਟਰੇਲਰ ਉਪਰ ਲੱਦੀ ਇਕ ਕਿਸ਼ਤੀ


Share