ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ

91
Share

* ਸਥਿਤੀ ਸਪੱਸ਼ਟ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ
ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕਰ ਦਿੱਤਾ। ਹਰੀਸ਼ ਚੌਧਰੀ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਸੱਤ ਦਿਨਾਂ ਦੇ ਅੰਦਰ-ਅੰਦਰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਪਾਰਟੀ ਨੇ ਨੋਟਿਸ ਜਾਰੀ ਕਰ ਕੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਪ੍ਰਨੀਤ ਕੌਰ ਆਪਣਾ ਪੱਖ ਨਹੀਂ ਦੇਣਗੇ ਤਾਂ ਕਾਂਗਰਸ ਪਾਰਟੀ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ‘ਪੰਜਾਬ ਲੋਕ ਕਾਂਗਰਸ’ ਪਾਰਟੀ ਬਣਾ ਚੁੱਕੇ ਹਨ। ਕੁਝ ਦਿਨ ਪਹਿਲਾਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਪਰਿਵਾਰ ਨਾਲ ਖੜ੍ਹਨ ਦੀ ਗੱਲ ਆਖੀ ਸੀ ਅਤੇ ਸਿਆਸੀ ਸਟੈਂਡ ਦੇ ਸਵਾਲ ’ਤੇ ਉਨ੍ਹਾਂ ਕਿਹਾ ਸੀ, ‘‘ਅੱਗੇ ਦੇਖਦੇ ਜਾਇਓ ਕਿ ਕੀ ਹੁੰਦਾ ਹੈ।’’ ਹਰੀਸ਼ ਚੌਧਰੀ ਨੇ ਪ੍ਰਨੀਤ ਕੌਰ ਦੇ ਬਿਆਨਾਂ ਦਾ ਨੋਟਿਸ ਲੈਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਵਿੱਢ ਦਿੱਤੀ ਹੈ।
ਸ਼੍ਰੀ ਚੌਧਰੀ ਨੇ ਜਾਰੀ ਨੋਟਿਸ ਵਿਚ ਕਿਹਾ, ‘‘ਪਟਿਆਲਾ ਦੇ ਕਾਂਗਰਸੀ ਵਰਕਰਾਂ, ਵਿਧਾਇਕਾਂ ਅਤੇ ਆਗੂਆਂ ਤੋਂ ਇਲਾਵਾ ਮੀਡੀਆ ਤੋਂ ਤੁਹਾਡੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ। ਇਹ ਸੂਚਨਾਵਾਂ ਉਸ ਵਕਤ ਤੋਂ ਮਿਲ ਰਹੀਆਂ ਹਨ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੁਸੀਂ ਵੀ ਆਪਣੇ ਪਤੀ ਨਾਲ ਖੜ੍ਹੇ ਹੋਣ ਦੀ ਗੱਲ ਕੀਤੀ ਹੈ।’’ ਕਾਂਗਰਸ ਪਾਰਟੀ ਨੇ ਪ੍ਰਨੀਤ ਕੌਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਕਾਂਗਰਸ ਨਾਲ ਹਨ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ। ਪ੍ਰਨੀਤ ਕੌਰ ਨੂੰ ਹੁਣ ਕੋਈ ਠੋਸ ਫੈਸਲਾ ਲੈਣਾ ਪੈਣਾ ਹ। ਜੇਕਰ ਉਹ ਆਪਣੇ ਪਤੀ ਨਾਲ ਖੜ੍ਹਦੇ ਹਨ ਤਾਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਸੰਭਵ ਹੈ।

Share