ਪਾਰਟੀ ਲਿਸਟ ਦੇ ਵਿਚ ਸ. ਕੰਵਲਜੀਤ ਸਿੰਘ ਬਖਸ਼ੀ 24ਵੇਂ ਅਤੇ ਕੁਸ਼ਮੀਤਾ ਪਰਮਜੀਤ ਕੌਰ ਪਰਮਾਰ 27ਵੇਂ ਸਥਾਨ ‘ਤੇ

284
ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਸਾਂਸਦ ਡਾ. ਪਰਮਜੀਤ ਕੌਰ ਪਰਮਾਰ।
Share

ਦਾਅ ‘ਤੇ: ਲੇਬਰ ਦੇ ਗੜ੍ਹ ‘ਚ ਨੈਸ਼ਨਲ ਲਿਸਟ ਮੈਂਬਰਾਂ ਦੀ ਕਿਸਮਤ
-ਨੈਸ਼ਨਲ ਪਾਰਟੀ ਵੱਲੋਂ ਲਿਸਟ ਦਰਜਾਬੰਦੀ ‘ਚ ਫੇਰ-ਬਦਲ
ਔਕਲੈਂਡ, 8 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-  ਨਿਊਜ਼ੀਲੈਂਡ ਦੀ ਵਿਰੋਧੀ ਧਿਰ ‘ਨੈਸ਼ਨਲ ਪਾਰਟੀ’ ਦੀ ਨੇਤਾ ਸ੍ਰੀਮਤੀ ਜੂਠਿਤ ਕੌਲਿਨ ਨੇ ਅੱਜ ਪਾਰਟੀ ਲਿਸਟ ਉਮੀਦਵਾਰਾਂ ਦੇ ਵਿਚ ਕੁਝ ਫੇਰ ਬਦਲ ਕੀਤਾ ਹੈ। ਇਕ ਨਵੀਂ ਉਮੀਦਵਾਰ ਨੈਨਸੀ ਲੂ ਨੂੰ ਮੌਜੂਦਾ ਮੈਂਬਰ ਪਾਰਲੀਮੈਂਟਾਂ ਤੋਂ ਵੀ ਉਪਰ 26ਵੇਂ ਸਥਾਨ ਉਤੇ ਕਰ ਦਿੱਤਾ ਗਿਆ ਹੈ। ਲੇਬਰ ਪਾਰਟੀ ਦੇ ਗੜ੍ਹ ਦੇ ਵਿਚ ਨੈਸ਼ਨਲ ਪਾਰਟੀ ਉਮੀਦਵਾਰਾਂ ਦਾ ਵੋਟਾਂ ਦੇ ਅਧਾਰ ਉਤੇ ਜਿੱਤਣਾ ਕਾਫੀ ਮੁਸ਼ਕਿਲ ਹੁੰਦਾ ਹੈ ਜਿਸ ਕਰਕੇ ਨੈਸ਼ਨਲ ਦੇ ਇਨ੍ਹਾਂ ਉਮੀਦਵਾਰਾਂ ਨੂੰ ਕਿਸਮਤ ਦੇ ਸਹਾਰੇ ਦਾਅ ਉਤੇ ਲਗਾ ਦਿੱਤਾ ਗਿਆ ਹੈ। ਇਹ ਉਮੀਦਵਾਰ ਆਪਣੇ ਲਿਸਟ ਨੰਬਰ ਦੇ ਸਹਾਰੇ ਕਿਸਮਤ ਦਾ ਜਿਆਦਾ ਸ਼ੁਕਰਾਨਾ ਕਰਨਗੇ ਕਿਉਂਕਿ ਪਾਰਟੀ ਵੋਟ ਕਾਫੀ ਹੁੰਦੀ ਹੈ ਜਿਸ ਕਰਕੇ ਇਹ ਪਾਰਟੀ ਵੋਟ ਦੇ ਅਧਾਰ ਉਤੇ ਲਿਸਟ ਐਮ. ਪੀ. ਚੁਣੇ ਜਾਂਦੇ ਹਨ। ਭਾਰਤੀ ਮੂਲ ਦੇ ਦੋ ਉਮੀਦਵਾਰਾਂ ਸ. ਕੰਵਲਜੀਤ ਸਿੰਘ ਬਖਸ਼ੀ ਨੂੰ 24ਵੇਂ ਸਥਾਨ ਉਤੇ ਰੱਖਿਆ ਗਿਆ ਹੈ ਕਿ ਜਦ ਕਿ ਕੁਸ਼ਮੀਤਾ ਪਰਮਜੀਤ ਕੌਰ ਪਰਮਾਰ (ਪੂਰਾ ਨਾਂਅ) ਨੂੰ 27ਵੇਂ ਨੰਬਰ ਉਤੇ ਰੱਖਿਆ ਗਿਆ ਹੈ। ਸ. ਕੰਵਲਜੀਤ ਸਿੰਘ ਬਖਸ਼ੀ ਨੇ 2008 ਦੇ ਵਿਚ ਆਪਣਾ ਸੰਸਦੀ ਸਫਰ ਸ਼ੁਰੂ ਕੀਤਾ ਸੀ ਅਤੇ ਉਸ ਵੇਲੇ ਉਨ੍ਹਾਂ ਦਾ ਲਿਸਟ ਨੰਬਰ 38 ਸੀ, ਫਿਰ 35, ਫਿਰ 32, ਫਿਰ 32 ਅਤੇ ਹੁਣ 24ਵੇਂ ਸਥਾਨ ਉਤੇ ਵੱਡਾ ਜੰਪ ਕਰ ਗਏ ਹਨ।  2017 ਦੀਆਂ ਚੋਣਾਂ ਵਿਚ ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਮੈਨੁਕਾਓ ਈਸਟ ਹਲਕੇ ਤੋਂ 4813 ਵੋਟਾਂ ਪਈਆਂ ਸਨ ਜਦ ਕਿ ਲੇਬਰ ਦੀ ਉਮੀਦਵਾਰ ਜੇਨੀ ਸਾਲੀਸਾ ਨੂੰ 17402 ਵੋਟਾਂ ਪਈਆਂ ਸਨ, ਪਰ ਇਸਦੇ ਬਾਵਜੂਦ ਉਹ ਲਿਸਟ ਐਮ. ਪੀ. ਬਣ ਕੇ ਸੰਸਦ ਪਹੁੰਚ ਗਏ ਸਨ।
ਇਸੀ ਤਰ੍ਹਾਂ ਕੁਸ਼ਮੀਤਾ ਪਰਮਜੀਤ ਕੌਰ ਪਰਮਾਰ ਨੇ 2014 ਦੇ ਵਿਚ ਆਪਣਾ ਸੰਸਦੀ ਸਫਰ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਲਿਸਟ ਨੰਬਰ 48 ਸੀ, ਫਿਰ 34 ਅਤੇ ਹੁਣ 27ਵੇਂ ਉਤੇ ਪਹੁੰਚਿਆ ਹੈ। ਪਿਛਲੀ ਵਾਰ ਇਨ੍ਹਾਂ ਨੂੰ ਮਾਉਂਟ ਰੌਸਕਿਲ ਹਲਕੇ ਤੋਂ 12196 ਵੋਟਾਂ ਪਈਆਂ ਸਨ ਪਰ ਇਥੋਂ ਲੇਬਰ ਦੇ ਉਮੀਦਵਾਰ ਮਾਈਕਲ ਵੁੱਡ 19094 ਵੋਟਾਂ ਲੈ ਕੇ ਜਿੱਤ ਗਏ ਸਨ। ਇਸਦੇ ਬਾਵਜੂਦ ਵੀ ਉਹ ਸੰਸਦ ਮੈਂਬਰ ਬਣ ਗਏ ਸਨ। ਸਮੁੱਚੇ ਰੂਪ ਵਿਚ ਨੈਸ਼ਨਲ ਪਾਰਟੀ ਨੂੰ ਪਿਛਲੀ ਵਾਰ 44.4% ਵੋਟਾਂ ਪਈਆਂ ਸਨ ਤੇ ਲੇਬਰ ਪਾਰਟੀ ਨੂੰ 36.9% ਵੋਟਾਂ ਪਈਆਂ ਸਨ। ਇਸ ਵਾਰ ਸਮੀਕਰਣ ਲੇਬਰ ਅਤੇ ਨੈਸ਼ਨਲ ਪਾਰਟੀ ਦੇ ਕਈ ਉਪਰ ਅਤੇ ਕਈ ਵਾਰ ਹੇਠਾਂ ਸਰਕਦੇ ਨਜ਼ਰ ਆਉਂਦੇ ਹਨ। 19 ਸਤੰਬਰ ਨੂੰ ਆਖਰੀ ਵੋਟਾਂ ਦਾ ਦਿਨ ਹੋਵੇਗਾ ਅਤੇ ਸਥਿਤੀ ਸਪਸ਼ਟ ਹੋਵੇਗੀ। ਫਿਲਹਾਲ ਦੋਹਾਂ ਭਾਰਤੀ ਉਮਦੀਵਾਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


Share