ਪਾਕਿ ਸੰਸਦ ‘ਚ ਕੁਲਭੂਸ਼ਣ ਜਾਧਵ ਨੂੰ ਅਪੀਲ ਦਾ ਅਧਿਕਾਰ ਦੇਣ ਵਾਲਾ ਆਰਡੀਨੈਂਸ ਪੇਸ਼

563
Share

ਅੰਮ੍ਰਿਤਸਰ, 29 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ‘ਚ ਵਿਰੋਧੀ ਧਿਰਾਂ ਦੇ ਸਖ਼ਤ ਵਿਰੋਧ ਵਿਚਾਲੇ ਇਮਰਾਨ ਖਾਨ ਸਰਕਾਰ ਨੇ ਸੰਸਦ ‘ਚ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਸਬੰਧਿਤ ਇਕ ਆਰਡੀਨੈਂਸ ਪੇਸ਼ ਕੀਤਾ ਹੈ। ਕੌਮਾਂਤਰੀ ਅਦਾਲਤ ਦੀ ਸਮੀਖਿਆ ਅਤੇ ਪੁਨਰ ਵਿਚਾਰ ਆਰਡੀਨੈਂਸ-2020 ਜਾਧਵ ਨੂੰ ਸੈਨਿਕ ਅਦਾਲਤ ਦੇ ਫ਼ੈਸਲੇ ਖਿਲਾਫ਼ ਇਸਲਾਮਾਬਾਦ ਹਾਈਕੋਰਟ ‘ਚ ਚੁਣੌਤੀ ਦੇਣ ਦਾ ਅਧਿਕਾਰ ਦੇਵੇਗਾ। ਇਹ ਆਰਡੀਨੈਂਸ ਸੰਸਦ ਦੇ ਹੇਠਲੇ ਸਦਨ ‘ਚ ਪ੍ਰਧਾਨ ਮੰਤਰੀ ਦੇ ਸੰਸਦੀ ਮਾਮਲਿਆਂ ਦੇ ਸਲਾਹਕਾਰ ਬਾਬਰ ਅਵਾਣ ਵਲੋਂ ਪੇਸ਼ ਕੀਤਾ ਗਿਆ। ਪਾਕਿ ‘ਚ ਵਿਰੋਧੀ ਪਾਰਟੀਆਂ ਇਸ ਆਰਡੀਨੈਂਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਇਸ ਨੂੰ ਇਮਰਾਨ ਸਰਕਾਰ ਦੀ ਭਾਰਤ ਨੂੰ ਖ਼ੁਸ਼ ਕਰਨ ਦੀ ਨੀਤੀ ਦਾ ਸਬੂਤ ਦੱਸ ਰਹੀਆਂ ਹਨ। ਜਾਧਵ ਨੂੰ ਕਥਿਤ ਜਾਸੂਸੀ ਅਤੇ ਅੱਤਵਾਦੀ ਕਾਰਵਾਈਆਂ ਦੇ ਦੋਸ਼ਾਂ ਅਧੀਨ ਅਪ੍ਰੈਲ 2017 ‘ਚ ਪਾਕਿ ਦੀ ਇਕ ਫ਼ੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।


Share