ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮੀਰ ਸਿੰਘ ਨਵੇਂ ਪ੍ਰਧਾਨ ਨਾਮਜ਼ਦ

1046
Share

ਅੰਮਿ੍ਰਤਸਰ, 16 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ 22 ਸਤੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤੋਂ ਪਹਿਲਾਂ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਅਤੇ ਵਿਕਾਸ਼ ਸਿੰਘ ਨੂੰ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੁਰਾਣੇ ਪ੍ਰਧਾਨ ਸਤਵੰਤ ਸਿੰਘ ਨੇ ਕੀਤੀ ਹੈ। ਇਸ ਤੋਂ ਇਲਾਵਾ ਪੀ.ਐੱਸ.ਜੀ.ਪੀ.ਸੀ. ਦੀ ਵੈੱਬਸਾਈਟ ’ਤੇ ਵੀ ਇਸ ਬਾਰੇ ਖ਼ੁਲਾਸਾ ਕੀਤਾ ਗਿਆ ਹੈ।
ਇਸ ਸਬੰਧੀ ਲਾਹੌਰ ’ਚ ਈ.ਟੀ.ਪੀ.ਬੀ. ਅਤੇ ਪੀ.ਐੱਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਇਹ ਫ਼ੈਸਲਾ ਗਿਆ। ਮੀਟਿੰਗ ਮਗਰੋਂ ਦੱਸਿਆ ਗਿਆ ਕਿ ਪੀ.ਐੱਸ.ਜੀ.ਪੀ.ਸੀ. ਦੀ ਇਹ ਚੋਣ ਅਗਲੇ ਕਾਰਜਕਾਲ ਲਈ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਮੌਕੇ ਨਵੇਂ ਚੁਣੇ ਗਏ ਦੋਵੇਂ ਅਹੁਦੇਦਾਰਾਂ ਨੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਇਹ ਕਾਰਜ ਇਸੇ ਤਰ੍ਹਾਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਸਾਬਕਾ ਪ੍ਰਧਾਨ ਨੇ ਦੱਸਿਆ ਕਿ ਇਹ ਬਦਲਾਅ ਆਪਸੀ ਸਹਿਮਤੀ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਜਕਾਲ ਦੇ ਬਾਕੀ ਰਹਿੰਦੇ ਸਮੇਂ ਲਈ ਅਮੀਰ ਸਿੰਘ ਸੰਸਥਾ ਦੇ ਪ੍ਰਧਾਨ ਹੋਣਗੇ। ਉਨ੍ਹਾਂ ਅਨੁਸਾਰ ਇਸ ਕਾਰਜਕਾਲ ਦਾ ਸਮਾਂ ਅਗਲੇ ਵਰ੍ਹੇ ਜੂਨ ਮਹੀਨੇ ਤੱਕ ਹੈ।

Share