ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)-ਪਾਕਿਸਤਾਨੀ ਸਰਹੱਦ ਤੋਂ ਟਿੱਡੀ ਦਲਾਂ ਦਾ ਇਕ ਦੂਜਾ ਵੱਡਾ ਹਮਲਾ ਹੋਇਆ ਹੈ। ਟਿੱਡੀਆਂ ਦਾ ਝੁੰਡ ਰਾਜਸਥਾਨ ਤੋਂ ਬਾਅਦ ਹੁਣ ਗੁਜਰਾਤ, ਮੱਧ ਪ੍ਰਦੇਸ਼ ਤੇ ਹਰਿਆਣਾ ਵੱਲ ਵਧ ਰਿਹਾ ਹੈ। ਸਰਕਾਰ ਨੇ ਇਸ ਹਮਲੇ ਨੂੰ ਨਾਕਾਮ ਕਰਨ ਲਈ ਪੂਰੀ ਤਾਕਤ ਲਾ ਦਿੱਤੀ ਹੈ। ਟਿੱਡੀਆਂ ਦੇ ਝੁੰਡ ‘ਤੇ ਕੀਟਨਾਸ਼ਕਾਂ ਦੇ ਛਿੜਕਾਅ ਲਈ ਹਵਾਈ ਜਹਾਜ਼, ਹੈਲੀਕਾਪਟਰ ਅਤੇ ਡਰੋਨ ਤਾਇਨਾਤ ਕਰ ਦਿੱਤੇ ਗਏ ਹਨ।
ਦੱਖਣ ਪੱਛਮੀ ਮੌਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਤੋਂ ਟਿੱਡੀ ਦਲਾਂ ਦੇ ਹਮਲੇ ਦਾ ਖਦਸ਼ਾ ਹੋਰ ਵਧ ਗਿਆ ਹੈ। ਭਾਰਤ ਦੇ ਉੱਤਰੀ ਸੂਬਿਆਂ ‘ਚ ਮਾਨਸੂਨ ਪਿਛਲੇ ਸਾਲਾਂ ਦੇ ਮੁਕਾਬਲੇ ਇਕ ਹਫਤੇ ਪਹਿਲਾਂ ਹੀ ਸਰਗਰਮ ਹੋ ਗਿਆ ਹੈ। ਦਿੱਲੀ ਸਮੇਤ ਪੂਰੇ ਕੌਮੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ‘ਚ 24 ਜੂਨ ਤੋਂ ਮਾਨਸੂਨੀ ਬਾਰਿਸ਼ ਸ਼ੁਰੂ ਹੋ ਗਈ ਹੈ, ਜਦਕਿ ਮੱਧ ਪ੍ਰਦੇਸ਼ ਤੇ ਗੁਜਰਾਤ ‘ਚ ਵੀ ਬਾਰਿਸ਼ ਚਾਲੂ ਹੈ। ਇਸੇ ਖਦਸ਼ੇ ਦੇ ਮੱਦੇਨਜ਼ਰ ਟਿੱਡੀ ਦਲਾਂ ਤੋਂ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਦੇ ਨਾਲ ਕੇਂਦਰ ਦੇ ਪੱਧਰ ‘ਤੇ ਵੀ ਟਿੱਡੀਆਂ ਖਤਮ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਖੇਤੀ ਮੰਤਰਾਲੇ ‘ਚ ਇਸ ਬਾਰੇ ਉੱਚ ਪੱਧਰੀ ਬੈਠਕ ‘ਚ ਇਸ ਸਮੱਸਿਆ ਨਾਲ ਨਜਿੱਠਣ ਬਾਰੇ ਹੁਣ ਤਕ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਗਈ।
ਡਰੋਨ ਤੋਂ ਟਿੱਡੀ ਦਲਾਂ ‘ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਕੇ ਉਨ੍ਹਾਂ ਨੂੰ ਖਤਮ ਕਰਨ ਵਾਲਾ ਭਾਰਤ ਪਹਿਲਾ ਦੇਸ਼ ਹੈ। ਫੂਡ ਤੇ ਖੇਤੀ ਆਰਗੇਨਾਈਜ਼ੇਸ਼ਨ (ਐੱਫ.ਏ.ਓ.) ਨੇ ਟਿੱਡੀ ਖਤਮ ਕਰਨ ਦੇ ਇਸ ਤਰੀਕੇ ‘ਤੇ ਖੁਸ਼ੀ ਪ੍ਰਗਟਾਉਂਦਿਆਂ ਵਿਗਿਆਨੀਆਂ ਦੀ ਸ਼ਲਾਘਾ ਕੀਤੀ ਹੈ। ਇਸ ਲਈ ਖੇਤੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਦੀ ਅਗਵਾਈ ‘ਚ ਬਣਾਈ ਗਈ ਉੱਚ ਪੱਧਰੀ ਕਮੇਟੀ ਨੇ ਹਵਾਈ ਜਹਾਜ਼, ਹੈਲੀਕਾਪਟਰ ਤੇ ਡਰੋਨ ਨਾਲ ਕੀਟਨਾਸ਼ਕਾਂ ਦੇ ਛਿੜਕਾਅ ਦੇ ਬਾਰੇ ਨਿਯਮਾਂ ‘ਚ ਸੋਧ ਦਾ ਮਤਾ ਤਿਆਰ ਕੀਤਾ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਟਿੱਡੀ ਦਲਾਂ ਦੇ ਕਹਿਰ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਨੇ ਇੰਗਲੈਂਡ ਤੋਂ ਡਰੋਨ ਆਧਾਰਤ 60 ਏਅਰ ਸਪਰੇਅਰ ਦਰਾਮਦ ਕਰਨ ਦਾ ਆਰਡਰ ਦੇ ਦਿੱਤਾ ਸੀ। ਇਸ ਦੀ ਪਹਿਲੀ ਖੇਪ ‘ਚ 15 ਸਪਰੇਅਰ ਪੁੱਜ ਗਏ ਹਨ, ਜਦਕਿ ਬਾਕੀ 45 ਏਅਰ ਸਪਰੇਅਰ ਜੂਨ ਦੇ ਅੰਤ ਤਕ ਆ ਜਾਣਗੇ।