ਪਾਕਿ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਗੌੜਾ ਐਲਾਨਿਆ

806

ਇਸਲਾਮਾਬਾਦ, 27 ਫਰਵਰੀ ( ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ (70) ਨੂੰ ਸਰਕਾਰ ਨੇ ਭਗੌੜਾ ਐਲਾਨ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਲੰਡਨ ’ਚੋਂ ਮੈਡੀਕਲ ਰਿਪੋਰਟ ਨਾ ਭੇਜੇ ਜਾਣ ਮਗਰੋਂ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਸਰਕਾਰ ਮੁਤਾਬਕ ਨਵਾਜ਼ ਸ਼ਰੀਫ਼ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਲਾਹੌਰ ਹਾਈ ਕੋਰਟ ਨੇ ਪਿਛਲੇ ਸਾਲ ਨਵੰਬਰ ’ਚ ਮੈਡੀਕਲ ਆਧਾਰ ’ਤੇ ਸ਼ਰੀਫ਼ ਨੂੰ ਇਲਾਜ ਲਈ ਚਾਰ ਹਫ਼ਤਿਆਂ ਵਾਸਤੇ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਅਖ਼ਬਾਰ ‘ਡਾਅਨ’ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਦੌਰਾਨ ਸ਼ਰੀਫ਼ ਨੂੰ ਭਗੌੜਾ ਐਲਾਨਣ ਦਾ ਫ਼ੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਦੀ ਸੂਚਨਾ ਬਾਰੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਦੱਸਿਆ ਕਿ ਸ਼ਰੀਫ਼ ਵੱਲੋਂ ਭੇਜੇ ਗਏ ਮੈਡੀਕਲ ਸਰਟੀਫਿਕੇਟ ਨੂੰ ਸਰਕਾਰ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਨਵਾਜ਼ ਸ਼ਰੀਫ਼ ਭਗੌੜਾ ਹੈ ਅਤੇ ਜੇਕਰ ਉਹ ਮੁਲਕ ਨਾ ਪਰਤਿਆ ਤਾਂ ਉਸ ਨੂੰ ਭਗੌੜਾ ਅਪਰਾਧੀ ਐਲਾਨਿਆ ਜਾਵੇਗਾ।