ਪਾਕਿ ਮੀਡੀਆ ਵੱਲੋਂ ਇਮਰਾਨ ਖਾਨ ਸੁਪਨੇ ਵੇਚਣ ਵਾਲਾ ਨੇਤਾ ਕਰਾਰ!

823
Share

– ਦੇਸ਼ ਦੀ ਮੌਜੂਦਾ ਸਥਿਤੀ ’ਤੇ ਕੀਤੀ ਚਿੰਤਾ ਪ੍ਰਗਟ
ਇਸਲਾਮਾਬਾਦ, 21 ਅਕਤੂਬਰ (ਪੰਜਾਬ ਮੇਲ)-ਪਾਕਿਸਤਾਨੀ ਮੀਡੀਆ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਨੇ ਵੇਚਣ ਵਾਲਾ ਨੇਤਾ ਕਰਾਰ ਦਿੰਦਿਆਂ ਦੇਸ਼ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਨਵੇਂ ਪਾਕਿਸਤਾਨ ਦੇ ਸੁਪਨੇ ਨੂੰ ਲੈ ਕੇ ਇਮਰਾਨ ਅਕਸਰ ਲੋਕਾਂ ਨੂੰ ਕਹਿੰਦੇ ਰਹੇ ਕਿ ‘ਘਬਰਾਓ ਨਾ’, ਪਰ ਅਸਲ ਵਿਚ ਹੁਣ ਦੇਸ਼ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ।
ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਅਨੁਸਾਰ ਇਮਰਾਨ ਖਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਨੂੰ ਇਸ ਸਮੇਂ 51.6 ਅਰਬ ਡਾਲਰ ਦੀ ਵਿਦੇਸ਼ੀ ਸਹਾਇਤਾ ਦੀ ਲੋੜ ਹੈ। ਇਸ ਪੈਸੇ ਨਾਲ ਉਹ ਦੋ ਸਾਲਾਂ ਦੇ ਵਿੱਤੀ ਸਾਲ (2021-23) ਵਿਚ ਆਪਣੇ ਦੇਸ਼ ਦੀਆਂ ਮੂਲ ਲੋੜਾਂ ਪੂਰੀਆਂ ਕਰ ਸਕੇਗਾ।
ਰਿਪੋਰਟ ਅਨੁਸਾਰ ਪਾਕਿਸਤਾਨ ਨੂੰ 2021-22 ਵਿਚ 23.6 ਅਰਬ ਡਾਲਰ ਅਤੇ 2022-23 ਵਿਚ 28 ਅਰਬ ਡਾਲਰ ਦੀ ਲੋੜ ਹੈ। ਇਹ ਅਨੁਮਾਨ ਆਈ.ਐੱਮ.ਐੱਫ. ਦੀ ਰਿਪੋਰਟ ਤੋਂ ਬਾਅਦ ਲਗਾਇਆ ਗਿਆ ਹੈ। ਵਰਤਮਾਨ ਵਿਚ ਪਾਕਿਸਤਾਨੀ ਅਧਿਕਾਰੀ ਦੇਸ਼ ਲਈ ਵਿਦੇਸ਼ੀ ਸਹਾਇਤਾ ਦੀ ਮੰਗ ਨੂੰ ਲੈ ਕੇ ਆਈ.ਐੱਮ.ਐੱਫ. ਨਾਲ ਗੱਲਬਾਤ ਦੇ ਆਖਰੀ ਪੜਾਅ ਵਿਚ ਹਨ।
ਇਕ ਤਾਜ਼ਾ ਰਿਪੋਰਟ ’ਚ ਵਿਸ਼ਵ ਬੈਂਕ ਨੇ ਦੱਸਿਆ ਸੀ ਕਿ ਪਾਕਿਸਤਾਨ ਸਭ ਤੋਂ ਵੱਡੇ ਵਿਦੇਸ਼ੀ ਕਰਜ਼ ਲੈਣ ਵਾਲੇ ਸਿਖਰਲੇ 10 ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਅੰਤਰਰਾਸ਼ਟਰੀ ਕਰਜ਼ੇ ਦੇ ਅੰਕੜੇ 2022 ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨੀ ਅਖਬਾਰ ਨੇ ਕਿਹਾ ਕਿ ਪਾਕਿਸਤਾਨ ਹੁਣ ਉਸ ਸੂਚੀ ’ਚ ਸ਼ਾਮਲ ਹੋ ਗਿਆ ਹੈ, ਜਿਸ ਵਿਚ ਉਸ ਉੱਤੇ ਬਹੁਤ ਵੱਡਾ ਕਰਜ਼ਾ ਹੈ ਅਤੇ ਹੁਣ ਉਸ ਨੂੰ ਹੋਰ ਵਿਦੇਸ਼ੀ ਸਹਾਇਤਾ ਨਹੀਂ ਦਿੱਤੀ ਜਾ ਸਕੇਗੀ।
ਵਿਸ਼ਵ ਬੈਂਕ ਦੀ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਵਿਦੇਸ਼ੀ ਕਰਜ਼ੇ ’ਚ 8 ਫੀਸਦੀ ਵਾਧਾ ਹੋਇਆ ਹੈ। ਇਸ ਸਾਲ ਜੂਨ ਵਿਚ ਇਕ ਹੋਰ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਇਮਰਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 442 ਮਿਲੀਅਨ ਡਾਲਰ ਉਧਾਰ ਲਏ ਸਨ।
ਹੁਣ ਵਿਸ਼ਵ ਬੈਂਕ ਅਤੇ ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ.ਡੀ.ਬੀ.) ਨੇ ਪਾਕਿਸਤਾਨ ਦੇ ਕਰਜ਼ੇ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਦੇਸ਼ ਚਲਾਉਣਾ ਸਰਕਾਰ ਲਈ ਸਿਰਦਰਦੀ ਬਣ ਜਾਵੇਗਾ। ਕਿਸੇ ਵੀ ਸਥਿਤੀ ਵਿਚ ਉਸ ਨੂੰ ਆਈ.ਐੱਮ.ਐੱਫ. ਨਾਲ 6 ਬਿਲੀਅਨ ਡਾਲਰ ਦੇ ਵਿਸਤਿ੍ਰਤ ਕਰਜ਼ੇ ਲਈ ਇਕ ਸਮਝੌਤਾ ਕਰਨਾ ਹੀ ਪਵੇਗਾ, ਪਰ ਇਸ ਦੇ ਲਈ ਆਈ.ਐੱਮ.ਐੱਫ. ਕਈ ਸ਼ਰਤਾਂ ਲਗਾ ਸਕਦਾ ਹੈ।

Share