ਪਾਕਿ ਪੰਜਾਬ ‘ਚ ਸਿੱਖ ਮੁਟਿਆਰ ਲਾਪਤਾ ਮਾਮਲੇ ‘ਚ ਅਣਪਛਾਤੇ ਅਗਵਾਕਾਰ ਖ਼ਿਲਾਫ਼ ਕੇਸ ਦਰਜ

706

ਇਸਲਾਮਾਬਾਦ, 20 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ‘ਚ 22 ਸਾਲਾਂ ਸਿੱਖ ਮੁਟਿਆਰ ਦੇ ਲਾਪਤਾ ਮਾਮਲੇ ‘ਚ ਪੁਲਿਸ ਨੇ ਇਕਅਣਪਛਾਤੇ ਅਗਵਾਕਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਘਟਨਾ ਹਾਲ ਹੀ ਵਿਚ ਅਟਕ ਜ਼ਿਲ੍ਹੇ ਦੇ ਹਸਨਅਬਦਾਲ ਸ਼ਹਿਰ ਵਿਚ ਵਾਪਰੀ ਹੈ, ਜਿਥੇ ਪ੍ਰਸਿੱਧ ਗੁਰਦੁਆਰਾ ਪੰਜਾ ਸਾਹਿਬ ਸੁਸ਼ੋਭਿਤ ਹੈ। ਡਾਅਨ ਅਖਬਾਰ ਵਿਚ ਛਪੀ ਰਿਪੋਰਟ ਦੇ ਅਨੁਸਾਰ ਲੜਕੀ ਕੂੜਾ ਸੁੱਟਣ ਲਈ ਆਪਣੇ ਘਰ ਤੋਂ ਬਾਹਰ ਗਈ ਪਰ ਵਾਪਸ ਨਹੀਂ ਪਰਤੀ। ਉਸ ਦੇ ਪਿਤਾ ਦੁਕਾਨਦਾਰ ਹਨ। ਰਿਪੋਰਟ ਵਿਚ ਹਾਲਾਂਕਿ ਘਟਨਾ ਦੀ ਮਿਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿਚ ਪੁਲਿਸ ਅਧਿਕਾਰੀ ਰਾਜਾ ਫੈਯਾਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਅਣਪਛਾਤੇ ਅਗਵਾਕਾਰ ਧਾਰਾ 365-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਗੁੰਮ ਹੋਈ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਬ-ਇੰਸਪੈਕਟਰ ਤਾਹਿਰ ਇਕਬਾਲ ਨੇ ਇਹ ਵੀ ਕਿਹਾ ਕਿ ਲੜਕੀ ਦੇ ਪਿਤਾ ਵੱਲੋਂ ਸ਼ਿਕਾਇਤ ਦਰਜ ਕਰਨ ਤੋਂ ਤੁਰੰਤ ਬਾਅਦ ”ਅਣਪਛਾਤੇ ਅਗਵਾਕਾਰ” ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਲਾਪਤਾ ਹੋਣ ਤੋਂ ਅਗਲੇ ਦਿਨ ਆਪਣੇ ਪਿਤਾ ਨੂੰ ਵੱਟਸਐਪ ‘ਤੇ ਸੁਨੇਹਾ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਇਸਲਾਮ ਕਬੂਲ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁਲਿਸ ਦੀਆਂ ਕਈ ਟੀਮਾਂ ਲੜਕੀ ਦੀ ਭਾਲ ਕਰ ਰਹੀਆਂ ਹਨ ਤਾਂ ਕਿ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕੇ ਅਤੇ ਉਸਦੇ ਬਿਆਨ ਦਰਜ ਕੀਤੇ ਜਾ ਸਕਣ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਅਮੀਰ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ ਕਿ ਲੜਕੀ ਗੁਰਦੁਆਰਾ ਪੰਜਾ ਸਾਹਿਬ ਨੇੜੇ ਸਥਿਤ ਆਪਣੇ ਪਿਤਾ ਦੇ ਘਰੋਂ ਲਾਪਤਾ ਹੋ ਗਈ।