ਪਾਕਿ ਪ੍ਰਧਾਨ ਮੰਤਰੀ ਨੇ ਲਾਦੇਨ ਨੂੰ ਆਖਿਆ ‘ਸ਼ਹੀਦ’

693
Share

ਇਸਲਾਮਾਬਾਦ, 26 ਜੂਨ (ਪੰਜਾਬ ਮੇਲ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਅਲ-ਕਾਇਦਾ ਦੇ ਮਰਹੂਮ ਮੁਖੀ ਅਤੇ 9/11 ਦਹਿਸ਼ਤੀ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਸੰਸਦ ਵਿਚ ਸੰਬੋਧਨ ਮੌਕੇ ਸ਼ਹੀਦ ਆਖਿਆ। ਖਾਨ ਨੇ ਕਿਹਾ ਕਿ ਅਮਰੀਕਾ ਦੀ ਦਹਿਸ਼ਤਗਰਦੀ ਖ਼ਿਲਾਫ਼ ਜੰਗ ਵਿਚ ਹਿੱਸਾ ਲੈਣ ਕਾਰਨ ਇਸਲਾਮਾਬਾਦ ਨੂੰ ‘ਨਮੋਸ਼ੀ’ ਝੱਲਣੀ ਪਈ। ਸੰਸਦ ਦੇ ਬਜਟ ਸੈਸ਼ਨ ਦੌਰਾਨ ਖਾਨ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕੋਈ ਅਜਿਹਾ ਮੁਲਕ ਹੋਵੇਗਾ, ਜਿਸ ਨੇ ਦਹਿਸ਼ਤਗਰਦੀ ਖ਼ਿਲਾਫ਼ ਜੰਗ ਦਾ ਸਮਰਥਨ ਕੀਤਾ ਅਤੇ ਫਿਰ ਨਮੋਸ਼ੀ ਝੱਲੀ। ਪਾਕਿਸਤਾਨ ਨੂੰ ਸ਼ਰੇਆਮ ਅਮਰੀਕਾ ਦੀ ਅਫ਼ਗਾਨਿਸਤਾਨ ਵਿਚ ਹਾਰ ਲਈ ਵੀ ਦੋਸ਼ੀ ਠਹਿਰਾਇਆ ਗਿਆ। ਦੁਨੀਆਂ ਭਰ ਵਿਚ ਵਸਦੇ ਪਾਕਿਸਤਾਨੀਆਂ ਲਈ ਉਹ ਨਮੋਸ਼ੀ ਭਰੇ ਪਲ ਸਨ ਜਦੋਂ ਅਮਰੀਕੀ ਫੌਜਾਂ ਨੇ ਐਬਟਾਬਾਦ ਵਿਚ ਦਾਖ਼ਲ ਹੋ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਕੀਤੀ….ਉਸ ਨੂੰ ਸ਼ਹੀਦ ਕੀਤਾ। ਉਸ ਮਗਰੋਂ ਪੂਰੀ ਦੁਨੀਆਂ ਨੇ ਸਾਨੂੰ ਗਾਲ੍ਹਾਂ ਕੱਢੀਆਂ। ਸਾਡਾ ਮਿੱਤਰ ਮੁਲਕ ਸਾਡੇ ਮੁਲਕ ਵਿਚ ਆਇਆ ਅਤੇ ਸਾਨੂੰ ਦੱਸੇ ਬਿਨਾਂ ਕਿਸੇ ਨੂੰ ਮਾਰ ਕੇ ਚਲਾ ਗਿਆ। ਅਮਰੀਕਾ ਦੀ ਦਹਿਸ਼ਤਗਰਦੀ ਖ਼ਿਲਾਫ਼ ਜੰਗ ਵਿਚ 70 ਹਜ਼ਾਰ ਪਾਕਿਸਤਾਨੀ ਮਾਰੇ ਗਏ।
ਇਮਰਾਨ ਵੱਲੋਂ ਓਸਾਮਾ ਲਈ ਸ਼ਹੀਦ ਸ਼ਬਦ ਦਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ‘ਚ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਚ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਕਿਸੇ ਨੇ ਲਿਖਿਆ ਕਿ ਇਮਰਾਨ ਦੀ ਆਲੋਚਨਾ ਲਈ ਸ਼ਬਦ ਨਹੀਂ ਮਿਲ ਰਹੇ ਹਨ ਤਾਂ ਕਿਸੇ ਲਿਖਿਆ ਕਿ ਹੁਣ ਭਾਰਤ ਤੇ ਬਾਕੀ ਦੁਨੀਆਂ ਇਸ ਬਿਆਨ ਦਾ ਫ਼ਾਇਦਾ ਉਠਾਉਣਗੇ।


Share