ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਨਾਜ਼ੁਕ: ਯੂ.ਏ.ਈ. ਹਸਪਤਾਲ ‘ਚ ਜ਼ੇਰੇ ਇਲਾਜ

160
Share

ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦਿੱਤੀ ਜਾਣਕਾਰੀ
ਲਾਹੌਰ/ਦੁਬਈ, 10 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਹਸਤਪਾਲ ਵਿਚ ਦਾਖਲ ਹਨ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਸ਼ੱਰਫ ਦੇ ਸਹਿਯੋਗੀ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਸ਼ੱਰਫ ਵੈਂਟੀਲੇਟਰ ‘ਤੇ ਹਨ। ਫਵਾਦ ਚੌਧਰੀ ਅਨੁਸਾਰ ਉਨ੍ਹਾਂ ਨੇ ਮੁਸ਼ੱਰਫ ਦੇ ਬੇਟੇ ਬਿਲਾਲ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ, ਜਿਸ ਨੇ ਆਪਣੇ ਪਿਤਾ ਪਰਵੇਜ਼ ਮੁਸ਼ੱਰਫ ਦੇ ਵੈਂਟੀਲੇਟਰ ‘ਤੇ ਹੋਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਮੁਸ਼ੱਰਫ ਦੇ ਬਿਮਾਰ ਹੋਣ ਦੀ ਖ਼ਬਰ ‘ਤੇ ਪ੍ਰਤੀਕਿਰਿਆ ਦਿੰਦਿਆਂ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਇਫਜਾਲ ਸਦੀਕੀ ਨੇ ਕਿਹਾ ਕਿ ਜਨਰਲ ਮੁਸ਼ੱਰਫ਼ ਘਰ ਵਿਚ ਹੀ ਹਨ ਤੇ ਉਹ ਮਾਮੂਲੀ ਬਿਮਾਰ ਹਨ। ਉਨ੍ਹਾਂ ਕਿਹਾ ਕਿ ਕ੍ਰਿਪਾ ਕਰ ਕੇ ਫਰਜ਼ੀ ਖ਼ਬਰਾਂ ਵੱਲ ਧਿਆਨ ਨਾ ਦਿੱਤਾ ਜਾਵੇ ਤੇ ਮੁਸ਼ੱਰਫ ਦੀ ਚੰਗੀ ਸਿਹਤ ਲਈ ਦੁਆ ਕੀਤੀ ਜਾਵੇ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਅਤੇ ਲਾਲ ਮਸਜਿਦ ਵਿਚ ਮੌਲਵੀ ਦੇ ਮਾਰੇ ਜਾਣ ਦੇ ਮਾਮਲੇ ਵਿਚ ਜਨਰਲ ਮੁਸ਼ੱਰਫ ਨੂੰ ਭਗੌੜਾ ਐਲਾਨਿਆ ਗਿਆ ਹੈ। ਉਹ ਇਲਾਜ ਲਈ 2016 ਵਿਚ ਦੁਬਈ ਗਏ ਸਨ ਤੇ ਵਾਪਸ ਨਹੀਂ ਪਰਤੇ। ਉਹ 1999 ਤੋਂ ਲੈ ਕੇ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ।


Share