ਪਾਕਿ ਦੇ ਪੰਜਾਬ ਸੂਬੇ ‘ਚ ਲਾਕਡਾਊਨ ਪਾਬੰਦੀਆਂ ‘ਚ ਛੋਟ ਤੋਂ ਬਾਅਦ 544 ਧਾਰਮਿਕ ਸਥਾਨ ਖੋਲ੍ਹੇ ਜਾਣਗੇ

1072
Share

ਇਸਲਾਮਾਬਾਦ, 21 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦੇਣ ਤੋਂ ਬਾਅਦ ਲੋਕਾਂ ਦੇ ਲਈ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹੇਗੀ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
‘ਦ ਐਕਸਪ੍ਰੈੱਸ ਟ੍ਰਿਬਿਊਨ’ ਦੀ ਖਬਰ ਮੁਤਾਬਕ ਇਕ ਉੱਚ ਪੱਧਰੀ ਬੈਠਕ ਦੌਰਾਨ ਸੂਬੇ ਵਿਚ 544 ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦਾ ਪ੍ਰਸਤਾਵ ਤੇ ਇਸ ਕੰਮ ਦੇ ਲਈ ਮਾਨਕ ਸੰਚਾਲਨ ਪ੍ਰਕਿਰਿਆ ਪੇਸ਼ ਕੀਤੀ ਗਈ। ਧਾਰਮਿਤ ਸਥਾਨਾਂ ਦਾ ਪ੍ਰਬੰਧਨ ਦੇਣ ਵਾਲਾ ਔਕਾਫ ਵਿਭਾਗ ਵੀ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਬੰਦ ਰਹਿਣ ਨਾਲ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਸੂਬਾਈ ਸਰਕਾਰ ਨੂੰ ਲਾਕਡਾਊਨ ਦੌਰਾਨ ਧਾਰਮਿਕ ਸਥਾਨਾਂ ‘ਤੇ ਸ਼ਰਧਾਲੂਆਂ ਦੇ ਆਉਣ ‘ਤੇ ਲੱਗੀ ਪਾਬੰਦੀ ਹਟਾਉਣ ਦਾ ਸੁਝਾਅ ਭੇਜਿਆ ਸੀ। ਧਾਰਮਿਕ ਸਥਾਨਾਂ ਵਿਚ ਐੱਸ.ਓ.ਪੀ. ਨੂੰ ਲਾਗੂ ਕਰਨ ਦੇ ਲਈ ਕਦਮ ਚੁੱਕਣ ਦਾ ਬੈਠਕ ਵਿਚ ਫੈਸਲਾ ਲਿਆ। ਉਮੀਦ ਹੈ ਕਿ ਈਦ ਤੋਂ ਬਾਅਦ ਐੱਸ.ਓ.ਪੀ. ਜਾਰੀ ਕਰ ਦਿੱਤੀ ਜਾਵੇਗੀ।
ਈਦ ਦੇ ਤਿਓਹਾਰ ‘ਤੇ ਸਿਨੇਮਾ ਹਾਲ ਤੇ ਥਿਏਟਰ ਖੋਲ੍ਹਣ ਦੀ ਇਕ ਸਿਫਾਰਿਸ਼ ਦੀ ਸਮੀਖਿਆ ਕੀਤੀ ਗਈ। ਇਹ ਪ੍ਰਸਤਾਵ ਖਾਰਿਜ ਕਰ ਦਿੱਤਾ ਗਿਆ। ਇਸ ਵਿਚਾਲੇ ਪਾਕਿਸਤਾਨ ਵਿਚ ਵੀਰਵਾਰ ਨੂੰ ਕੋਵਿਡ-19 ਦੇ 2,193 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਨਾਲ ਹੀ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧ ਕੇ 48,091 ਹੋ ਗਏ। ਉਥੇ ਹੀ ਮਹਾਮਾਰੀ ਕਾਰਣ ਹੁਣ ਤੱਕ 1,017 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।


Share