ਪਾਕਿ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਵੱਲੋਂ ਸਾਬਕਾ ਰਾਸ਼ਟਰਪਤੀ ਜਰਦਾਰੀ ਖਿਲਾਫ ਦੋਸ਼ ਆਇਦ

603

ਇਸਲਾਮਾਬਾਦ, 6 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਖ਼ਿਲਾਫ਼ ਪਾਰਕ ਲੇਨ ਅਤੇ ਥੱਟਾ ਵਾਟਰ ਸਪਲਾਈ ਕੇਸਾਂ ’ਚ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਜ਼ਰਦਾਰੀ (60) ਅਦਾਲਤ ’ਚ ਹਾਜ਼ਰ ਸਨ ਅਤੇ ਉਨ੍ਹਾਂ ਨੂੰ ਖ਼ੁਦ ਨੂੰ ਬੇਕਸੂਰ ਦੱਸਿਆ।
ਸੁਣਵਾਈ ਦੌਰਾਨ ਅਦਾਲਤ ਵੱਲੋਂ ਪਾਰਕ ਲੇਨ ਕੇਸ ’ਚ 19 ਹੋਰ ਮੁਲਜ਼ਮਾਂ ਅਤੇ ਥੱਟਾ ਵਾਟਰ ਸਪਲਾਈ ਕੇਸ ’ਚ 15 ਹੋਰ ਜਣਿਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵੱਲੋਂ ਪਿਛਲੇ ਹਫ਼ਤੇ ਜ਼ਰਦਾਰੀ ਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ ਨੂੰ ਇੱਕ ਵੱਡੇ ਮਨੀ ਲਾਂਡਰਿੰਗ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ।
ਪਾਰਕ ਲੇਨ ਕੇਸ ’ਚ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਤੇ ਉਨ੍ਹਾਂ ਦੇ ਪੁੱਤਰ ਬਿਲਾਵਲ ਅਲੀ ਜ਼ਰਦਾਰੀ ’ਤੇ ਇਸਲਾਮਾਬਾਦ ’ਚ ਬਹੁਤ ਘੱਟ ਕੀਮਤ ’ਤੇ 2,460 ਕਨਾਲ ਦੀ ਜਾਇਦਾਦ ਖ਼ਰੀਦਣ ਦੇ ਦੋਸ਼ ਹਨ। ਥੱਟਾ ਵਾਟਰ ਸਪਲਾਈ ਕੇਸ ਵਿੱਚ ਇੱਕ ਪ੍ਰਾਈਵੇਟ ਠੇਕੇਦਾਰ ਨੂੰ ਕਥਿਤ ਗ਼ੈਰਕਾਨੂੰਨੀ ਤੌਰ ’ਤੇ ਠੇਕਾ ਦਿੱਤਾ ਗਿਆ ਸੀ। ਮਨੀ ਲਾਂਡਰਿੰਗ ਕੇਸ ’ਚ ਸਾਬਕਾ ਰਾਸ਼ਟਰਪਤੀ ਅਤੇ ਹੋਰ ਮੁਲਜ਼ਮਾਂ ’ਤੇ ਕਾਲਾ ਧਨ ਜਮ੍ਹਾਂ ਕਰਵਾਉਣ ਲਈ ਫ਼ਰਜ਼ੀ ਖਾਤਿਆਂ ਦੀ ਵਰਤੋਂ ਕਰਨ ਦਾ ਦੋਸ਼ ਹੈ। ਅਦਾਲਤ ਵੱਲੋਂ ਤਿੰਨ ਕੇਸਾਂ ’ਚ ਦੋਸ਼ਮੁਕਤ ਕਰਨ ਸਬੰਧੀ ਜ਼ਰਦਾਰੀ ਦੀ ਅਪੀਲ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਸ੍ਰੀ ਜ਼ਰਦਾਰੀ ਕਹਿ ਚੁੱਕੇ ਹਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਬਦਨਾਮ ਕਰਨ ਲਈ ਉਨ੍ਹਾਂ ਖ਼ਿਲਾਫ਼ ਦੋਸ਼ ਲਗਾਏ ਗਏ ਹਨ।