ਪਾਕਿ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਸੰਸਦ ‘ਤੇ ਹੋਏ ਹਮਲੇ ਸੰਬੰਧੀ ਕੇਸ ‘ਚੋਂ ਇਮਰਾਨ ਖਾਨ ਬਰੀ

361
Share

ਇਸਲਾਮਾਬਾਦ, 30 ਅਕਤੂਬਰ (ਪੰਜਾਬ ਮੇਲ)- ਸਾਲ 2014 ਵਿੱਚ ਸੰਸਦ ‘ਤੇ ਹੋਏ ਹਮਲੇ ਸਬੰਧੀ ਕੇਸ ਵਿੱਚ ਇਕ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ ਬਾਕੀ ਸੀਨੀਅਰ ਮੰਤਰੀਆਂ ਜਿਨ੍ਹਾਂ ‘ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਸ਼ਾਮਲ ਹਨ, ‘ਤੇ ਦੋਸ਼ ਸਾਬਿਤ ਕਰਨ ਲਈ ਉਨ੍ਹਾਂ ਨੂੰ 12 ਨਵੰਬਰ ਨੂੰ ਅਦਾਲਤ ‘ਚ ਤਲਬ ਕੀਤਾ ਗਿਆ ਹੈ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਰਾਜਾ ਜਾਵੇਦ ਅੱਬਾਸ ਹਸਨ ਨੇ ਹਾਲਾਂਕਿ ਰਾਸ਼ਟਰਪਤੀ ਆਰਿਫ਼ ਅਲਵੀ ਖ਼ਿਲਾਫ਼ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ 31 ਅਗਸਤ, 2014 ਨੂੰ ਮੌਜੂਦਾ ਕਾਬਜ਼ ਧਿਰ ਪਾਕਿਸਤਾਨ ਤਹਿਰੀਕ-ਏ ਇਨਸਾਫ਼ ਅਤੇ ਪਾਕਿਸਤਾਨ ਆਵਾਮੀ ਤਹਿਰੀਕ ਦੇ ਆਗੂਆਂ ਨੇ ਸੰਸਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵੀ ਵਧੇ ਸਨ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਸੀ। ‘ਡਾਅਨ’ ਅਖ਼ਬਾਰ ਅਨੁਸਾਰ ਪਾਕਿਸਤਾਨੀ ਪੁਲਿਸ ਨੇ ਇਮਰਾਨ ਖਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਤੇ ਪਾਕਿਸਤਾਨ ਆਵਾਮੀ ਤਹਿਰੀਕ ਦੇ ਹੋਰ ਆਗੂਆਂ ਖ਼ਿਲਾਫ਼ ਅੱਤਵਾਦੀ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਦੋਵੇਂ ਪਾਰਟੀਆਂ ਦੇ ਕਾਰਕੁਨ ਸੰਸਦ ਸਾਹਮਣੇ ਧਰਨੇ ‘ਤੇ ਬੈਠੇ ਸਨ।


Share