ਪਾਕਿ ਦੀ ਅਦਾਲਤ ਵੱਲੋਂ ਨਵਾਜ਼ ਸ਼ਰੀਫ ਲਈ ਜ਼ਮਾਨਤੀ ਵਾਰੰਟ ਜਾਰੀ

851
Share

ਇਸਲਾਮਾਬਾਦ, 30 ਮਈ (ਪੰਜਾਬ ਮੇਲ)- ਪਾਕਿਸਤਾਨ ਵਿਚ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸੁਪਰੀਮੋ ਨਵਾਜ਼ ਸ਼ਰੀਫ ਦੇ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਨਵਾਜ਼ ਨੂੰ ਇਹ ਗ੍ਰਿਫਤਾਰੀ ਵਾਰੰਟ ਇਕ ਹਵਾਲੇ ਦੀ ਕਾਰਵਾਈ ‘ਚ ਗੈਰਹਾਜ਼ਰੀ ਦੇ ਕਾਰਨ ਜਾਰੀ ਕੀਤੇ ਗਏ ਹਨ, ਜਿਸ ਵਿਚ ਉਨ੍ਹਾਂ ‘ਤੇ ਲਗਜ਼ਰੀ ਗੱਡੀਆਂ ਅਤੇ ਤੋਹਫ਼ੇ ਲੈਣ ਦੇ ਦੋਸ਼ ਲਗਾਏ ਗਏ ਹਨ। ਡਾਨ ਦੀਆਂ ਖ਼ਬਰਾਂ ਮੁਤਾਬਕ ਇਹ ਹਵਾਲਾ 2 ਮਾਰਚ ਨੂੰ ਅਦਾਲਤ ‘ਚ ਦਾਇਰ ਕੀਤਾ ਗਿਆ ਸੀ।
ਜਵਾਬਦੇਹੀ ਜੱਜ ਸਈਦ ਅਸਗਰ ਅਲੀ ਨੇ 15 ਮਈ ਨੂੰ ਸ਼ਰੀਫ ਅਤੇ ਨਾਲ ਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਹਿ-ਚੇਅਰਪਰਸਨ ਆਸਿਫ ਅਲੀ ਜ਼ਰਦਾਰੀ, ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਸੀ, ਜਿਨ੍ਹਾਂ ਨੂੰ ਹਵਾਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਹਵਾਲੇ ਦੇ ਮੁਤਾਬਕ, ਗਿਲਾਨੀ ‘ਤੇ ਜ਼ਰਦਾਰੀ ਅਤੇ ਸ਼ਰੀਫ ਨੂੰ ਗੈਰ ਕਾਨੂੰਨੀ ਢੰਗ ਨਾਲ ਕਾਰਾਂ ਅਲਾਟ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਕਿਉਂਕਿ ਸ਼ਰੀਫ ਲੰਡਨ ‘ਚ ਇਲਾਜ ਲਈ ਆਏ ਹੋਏ ਹਨ ਅਤੇ ਉਨ੍ਹਾਂ ਵੱਲੋਂ ਨਿੱਜੀ ਹਾਜ਼ਰੀ ਤੋਂ ਛੋਟ ਮੰਗਣ ਲਈ ਕੋਈ ਵੀ ਪੇਸ਼ ਨਹੀਂ ਹੋਇਆ, ਇਸ ਲਈ ਜੱਜ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਗ੍ਰਿਫਤਾਰੀ ਲਈ ਜ਼ਮਾਨਤੀ ਵਾਰੰਟ ਜਾਰੀ ਕੀਤੇ। ਅਦਾਲਤ ਨੇ ਸ਼ਰੀਫ ਅਤੇ ਜ਼ਰਦਾਰੀ ਸਮੇਤ ਸਾਰੇ ਦੋਸ਼ੀਆਂ ਨੂੰ 11 ਜੂਨ ਨੂੰ ਅਗਲੀ ਕਾਰਵਾਈ ਦੀ ਤਰੀਕ ਨੂੰ ਹਾਜ਼ਰੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।


Share