ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਧਮਕੀਆਂ ਮਿਲਣ ਮਗਰੋਂ ਛੱਡ ਸਕਦੈ ਦੇਸ਼

607
Share

ਪੇਸ਼ਾਵਰ, 23 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਪਹਿਲੇ ਸਿੱਖ ਟੈਲੀਵਿਜ਼ਨ ਐਂਕਰ ਹਰਮੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਹਰਮੀਤ ਆਪਣੇ ਛੋਟੇ ਭਰਾ ਪਰਵਿੰਦਰ ਸਿੰਘ ਦੇ ਕਾਤਲਾਂ ਤੋਂ ਕਥਿਤ ਤੌਰ ’ਤੇ ਧਮਕੀ ਮਿਲਣ ਦੇ ਬਾਅਦ ਦੇਸ਼ ਛੱਡਣ ’ਤੇ ਵਿਚਾਰ ਕਰ ਰਹੇ ਹਨ। ਪਰਵਿੰਦਰ ਸਿੰਘ ਦਾ ਕਤਲ ਪਿਛਲੇ ਸਾਲ ਜਨਵਰੀ ਕੀਤਾ ਗਿਆ ਸੀ। ਖ਼ਬਰਾਂ ਮੁਤਾਬਕ ਹਰਮੀਤ ਸਿੰਘ ਨੂੰ ਜੇਲ੍ਹ ’ਚੋਂ ਉਨ੍ਹਾਂ ਦੇ ਭਰਾ ਦੇ ਕਤਲ ਦੇ ਇਕ ਦੋਸ਼ੀ ਦੇ ਧਮਕੀ ਭਰੇ ਫੋਨ ਆ ਰਹੇ ਹਨ। ਹਰਮੀਤ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਬੰਦ ਉਸ ਦੇ ਭਰਾ ਦੇ ਕਤਲ ਦਾ ਦੋਸ਼ੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ, ਜਦੋਂਕਿ ਪੁਲਸ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਹੈ। ਅਜਿਹੇ ਵਿਚ ਉਨ੍ਹਾਂ ਕੋਲ ਪਾਕਿਸਤਾਨ ਛੱਡਣ ਤੋਂ ਇਲਾਵਾ ਹੋਰ ਕੋਈ ਦੂਜਾ ਬਦਲ ਨਹੀਂ ਹੈ। ਭਾਰਤ ਆਉਣ ਦੇ ਸਵਾਲ ਦੇ ਜਵਾਬ ਵਿਚ ਹਰਮੀਤ ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਵੀ ਜਾ ਸਕਦੇ ਹਨ। ਹਰਮੀਤ ਦਾ ਦੋਸ਼ ਹੈ ਕਿ ਉਸ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਉਸ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।


Share