ਪਾਕਿ ਟੀ.ਵੀ. ’ਤੇ ਡਿਬੇਟ ਦੌਰਾਨ ਸਿਆਸਤਦਾਨਾਂ ਨੇ ਇਕਦੂਜੇ ਦੇ ਜੜੇ ਥੱਪੜ

121
Share

* ਸੋਸ਼ਲ ਮੀਡੀਆ ’ਤੇ ਘਟਨਾ ਦਾ ਵੀਡੀਓ ਹੋ ਰਿਹੈ ਵਾਇਰਲ
ਲਾਹੌਰ, 10 ਜੂਨ (ਪੰਜਾਬ ਮੇਲ)-ਟੀ.ਵੀ. ਚੈਨਲਾਂ ’ਤੇ ਨਿਊਜ਼ ਡਿਬੇਟ ਦੌਰਾਨ ਲੀਡਰਾਂ ਤੇ ਪੈਨਲਿਸਟ ਵਿਚਾਲੇ ਤਿੱਖੀ ਬਹਿਸ ਆਮ ਗੱਲ ਹੈ ਪਰ ਕਈ ਵਾਰ ਇਹ ਬਹਿਸ ਇਕ ਦੂਜੇ ’ਤੇ ਹੱਥ ਚੁੱਕਣ ਤੋਂ ਕੁੱਟਮਾਰ ਤੱਕ ਪਹੁੰਚ ਜਾਂਦੀ ਹੈ। ਅਜਿਹਾ ਇਕ ਤਾਜ਼ਾ ਮਾਮਲਾ ਪਾਕਿਸਤਾਨ ਦੇ ਇਕ ਨਿਊਜ਼ ਚੈਨਲ ’ਤੇ ਟੀ.ਵੀ. ਡਿਬੇਟ ਦੌਰਾਨ ਦੇਖਣ ਨੂੰ ਮਿਲਿਆ। ਇਥੇ ਇਕ ਨਿੱਜੀ ਟੀ. ਵੀ. ਚੈਨਲ ’ਤੇ ਇਮਰਾਨ ਖਾਨ ਦੀ ਪਾਰਟੀ ਦੀ ਲੀਡਰ ਫਿਰਦੌਸ ਅਸ਼ਿਕ ਅਵਾਨ ਨੇ ਵਿਰੋਧੀ ਪੀ.ਪੀ.ਪੀ. ਐੱਮ.ਐੱਨ. ਏ. ਦੇ ਸੰਸਦ ਮੈਂਬਰ ਕਾਦਿਰ ਮੰਦੋਖੇਲ ਨੂੰ ਥੱਪੜ ਜੜ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਡਾ. ਫਿਰਦੌਸ ਅਸ਼ਿਕ ਅਵਾਨ ਪਾਕਿਸਤਾਨ ’ਚ ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਵੀ ਹੈ। ਇਕ ਨਿੱਜੀ ਚੈਨਲ ’ਤੇ ਟੀ.ਵੀ. ਡਿਬੇਟ ਦੌਰਾਨ ਉਨ੍ਹਾਂ ਦੀ ਵਿਰੋਧੀ ਸੰਸਦ ਮੈਂਬਰ ਕਾਦਿਰ ਮੰਦੋਖੇਲ ਨਾਲ ਬਹਿਸ ਚੱਲ ਰਹੀ ਸੀ। ਬਹਿਸਬਾਜ਼ੀ ਇੰਨੀ ਵਧ ਗਈ ਕਿ ਫਿਰਦੌਸ ਅਸ਼ਿਕ ਨੇ ਉਨ੍ਹਾਂ ਨੂੰ ਥੱਪੜ ਜੜ ਦਿੱਤਾ। ਫਿਰਦੌਸ ਨੇ ਕਾਦਿਰ ਤੇ ਬ੍ਰੇਕ ਦੌਰਾਨ ਬਦਤਮੀਜ਼ੀ ਦਾ ਇਲਜ਼ਾਮ ਲਾਇਆ ਹੈ। ਇਹ ਘਟਨਾ ਜਾਵੇਦ ਚੌਧਰੀ ਦੇ ਸ਼ੋਅ ਦੀ ਰਿਕਾਰਡਿੰਗ ਦੌਰਾਨ ਦੀ ਹੈ।
ਦਰਅਸਲ ਫਿਰਦੌਸ ਅਸ਼ਿਕ ਤੇ ਕਾਦਿਰ ਵਿਚਕਾਰ ਪਾਕਿਸਤਾਨ ਦੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਬਹਿਸ ਚੱਲ ਰਹੀ ਸੀ। ਕਾਦਿਰ ਲਗਾਤਾਰ ਫਿਰਦੌਸ ਦੀ ਪਾਰਟੀ ’ਤੇ ਭਿ੍ਰਸ਼ਟਾਚਾਰ ਦੇ ਇਲਜ਼ਾਮ ਲਾ ਰਿਹਾ ਸੀ। ਫਿਰਦੌਸ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦੇ ਸਬੂਤ ਪੇਸ਼ ਕਰਨ ਲਈ ਕਹਿ ਰਹੀ ਸੀ। ਵਾਇਰਲ ਵੀਡੀਓ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਇਲਜ਼ਾਮਾਂ ਤੋਂ ਫਿਰਦੌਸ ਭੜਕ ਗਈ ਸੀ। ਇਸ ਦਰਮਿਆਨ ਗਾਲੀ-ਗਲੋਚ ਵੀ ਹੋਈ। ਫਿਰ ਅਚਾਨਕ ਫਿਰਦੌਸ ਨੇ ਕਾਦਿਰ ਮੰਦਾਖੇਲ ਨੂੰ ਥੱਪੜ ਮਾਰ ਦਿੱਤਾ। ਇਹ ਸਭ ਵਾਇਰਲ ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ।

Share