ਪਾਕਿ ਜੇਲ੍ਹ ’ਚ ਬੰਦ ਸੁਰਜੀਤ ਸਿੰਘ ਦਾ ਪਰਿਵਾਰ ਕਿਸਾਨਾਂ ਦੀ ਹਮਾਇਤ ’ਚ ਡਟਿਆ

508
Share

ਫਰੀਦਕੋਟ, 18 ਦਸੰਬਰ (ਪੰਜਾਬ ਮੇਲ)-  1971 ਦੀ ਜੰਗ ਦੌਰਾਨ ਲਾਪਤਾ ਹੋਏ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਟਹਿਣਾ ਬੀ. ਐਸ. ਐਫ- 57 ਬਟਾਲੀਅਨ ਦੇ ਪਰਿਵਾਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਭਾਰਤ ਸਰਕਾਰ ਦਾ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਅਰਾ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਗਿਆ, ਜਿਸ ਕਾਰਣ ਸਰਹੱਦਾਂ ’ਤੇ ਰਾਖੀ ਕਰਨ ਵਾਲੇ ਅਤੇ ਦੇਸ਼ ਦੇ ਅੰਨਦਾਤਾ ਦਿੱਲੀ ਦੀਆ ਸੜਕਾਂ ’ਤੇ ਧਰਨੇ ਲਾਉਣ ਨੂੰ ਮਜਬੂਰ ਹੋ ਗਿਆ ਹੈ ।
ਇਸ ਸਬੰਧੀ ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਮੀਕਾ ਨੇ ਕਿਹਾ ਜੋ ਜਵਾਨ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹਨ ਅਤੇ ਜੋ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ, ਉਹ ਅੱਜ ਕੜਾਕੇ ਦੀ ਠੰਡ ’ਚ ਆਪਣੇ ਹੱਕਾਂ ਲਈ ਤੜਫ ਰਿਹਾ ਹੈ। ਮੀਕਾ ਨੇ ਕਿਹਾ ਮੈਂ ਵੀ ਆਪਣੇ ਪਿਤਾ ਲਈ ਸੰਘਰਸ਼ ਕਰ ਰਿਹਾ ਅਤੇ ਮੈਂ ਮੰਤਰੀ ਤੱਕ ਨੂੰ ਵੀ ਮਿਲ ਚੁੱਕਿਆ ਹਾਂ ਪਰ ਅਜੇ ਤੱਕ ਮੈਨੂੰ ਇਨਸਾਫ ਨਹੀਂ ਮਿਲਿਆ। ਇਸ ਲਈ ਹੁਣ ਮੈਂ ਵੀ ਆਪਣੇ ਪਰਿਵਾਰ ਨਾਲ ਦਿੱਲੀ ਧਰਨੇ ਵਿਚ ਜਾ ਕੇ ਕਿਸਾਨਾਂ ਦੀ ਹਮਾਇਤ ਕਰਾਂਗਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਪਹਿਲਾਂ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ’ਚ ਬੰਦ ਸੀ ਤੇ ਹੁਣ ਕੋਇਟਾ ਜੇਲ੍ਹ ਵਿਚ ਬੰਦ ਹਨ। ਇਸੇ ਮਸਲੇ ਨੂੰ ਲੈ ਕੇ ਸੁਰਜੀਤ ਸਿੰਘ ਦੀ ਪਤਨੀ ਅੰਗਰੇਜ ਕੌਰ, ਪੋਤੀ ਕੋਮਲਪ੍ਰੀਤ ਕੌਰ, ਪੋਤਾ ਰਮਨਦੀਪ ਸਿੰਘ, ਨੂੰਹ ਸੁਖਜਿੰਦਰ ਕੌਰ ਅਤੇ ਸੁਰਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਇੱਕ ਦਿਨ ਸੁਰਜੀਤ ਸਿੰਘ ਜ਼ਰੂਰ ਘਰ ਆਉਣਗੇ। ਇਸ ਮੌਕੇ ਰਿਟਾ. ਕੈਪਟਨ ਧਰਮ ਸਿੰਘ ਗਿੱਲ, ਆਪ ਆਗੂ ਗੁਰਦਿੱਤ ਸਿੰਘ ਸੇਖੋ ਨੇ ਸਰਕਾਰਾਂ ਨੂੰ ਕੋਸਦੇ ਹੋਏ ਕਿਹਾ ਅੱਜ ਮੋਦੀ ਸਰਕਾਰ ਨੇ ‘‘ਜੈ ਜਵਾਨ ਜੈ ਕਿਸਾਨ’’ ਦੇ ਨਾਅਰੇ ਨੂੰ ਫੇਲ ਕਰ ਦਿੱਤਾ ਹੈ। ਇਸ ਮੌਕੇ ਡਿੰਪਲ, ਹਰਬੰਸ ਸਿੰਘ ਭਾਊ, ਜੋਤੀ, ਸਮਸ਼ੇਰ ਸਿੰਘ ਸੇਰਾ ਆਦਿ ਸਮੂਹ ਵਾਸੀ ਮੌਜੂਦ ਸਨ।

Share