ਪਾਕਿ ‘ਚ 25 ਅਪ੍ਰੈਲ ਤੱਕ ਵੱਡੀ ਗਿਣਤੀ ਲੋਕ ਹੋ ਸਕਦੇ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ

726

-ਇਮਰਾਨ ਸਰਕਾਰ ਨੇ ਸੁਪਰੀਮ ਕੋਰਟ ‘ਚ ਰਿਪੋਰਟ ਸੌਂਪੀ
ਇਸਲਾਮਾਬਾਦ, 6 ਅਪ੍ਰੈਲ (ਪੰਜਾਬ ਮੇਲ)- ਇਮਰਾਨ ਸਰਕਾਰ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ‘ਚ ਇਕ ਰਿਪੋਰਟ ਸੌਂਪੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 25 ਅਪ੍ਰੈਲ ਤੱਕ ਵੱਡੀ ਗਿਣਤੀ ਵਿਚ ਲੋਕ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਇਸ ਰਿਪੋਰਟ ਮੁਤਾਬਕ, ਪਾਕਿਸਤਾਨ ‘ਚ ਅਪ੍ਰੈਲ ਮਹੀਨੇ ਦੇ ਅੰਤ ਤੱਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ। ਇਸ ਖਦਸ਼ੇ ਦਾ ਪ੍ਰਗਟਾਵਾ ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾਵਾਂ ਰੈਗੂਲੇਸ਼ਨ ਤੇ ਤਾਲਮੇਲ ਮੰਤਰਾਲਾ ਨੇ ਸੁਪਰੀਮ ਕੋਰਟ ਨੂੰ ਸੌਂਪੀ ਇਕ ਰਿਪੋਰਟ ‘ਚ ਕੀਤਾ ਹੈ।
ਪਾਕਿ ਮੀਡੀਆ ਮੁਤਾਬਕ, ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਕੋਰੋਨਾ ਨਾਲ ਸੰਕਰਮਣ ਦੀ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2,392 ਮਰੀਜ਼ਾਂ ਨੂੰ ਸਖਤ ਦੇਖਭਾਲ ਦੀ ਲੋੜ ਪਵੇਗੀ, ਜਦੋਂਕਿ 7,024 ਸੰਕ੍ਰਮਿਤਾਂ ਦੀ ਹਾਲਤ ਨਾਜ਼ੁਕ ਹੋ ਸਕਦੀ ਹੈ। ਇਸ ਤੋਂ ਇਲਾਵਾ ਰਿਪੋਰਟ ‘ਚ ਦੱਸੇ ਮੁਲਾਂਕਣ ਮੁਤਾਬਕ 41,482 ਮਰੀਜ਼ ਅਜਿਹੇ ਹੋਣਗੇ, ਜੋ ਦਰਮਿਆਨੇ ਤੌਰ ‘ਤੇ ਸੰਕ੍ਰਮਿਤ ਹੋਣਗੇ ਅਤੇ ਉਨ੍ਹਾਂ ਨੂੰ ਘਰ ਵਿਚ ਵੱਖ-ਵੱਖ ਰੱਖਣ ਦੀ ਜ਼ਰੂਰਤ ਹੋਵੇਗੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਮੁਲਾਂਕਣ ਦੂਜੇ ਦੇਸ਼ਾਂ ਤੇ ਯੂਰਪੀ ਰਾਸ਼ਟਰਾਂ ਦੀ 35 ਦਿਨਾਂ ਦੀ ਸਥਿਤੀ ਦੇ ਆਧਾਰ ‘ਤੇ ਕੀਤਾ ਗਿਆ ਹੈ। ਮੌਜੂਦਾ ਸਮੇਂ ਪਾਕਿਸਤਾਨ ‘ਚ 2,883 ਲੋਕ ਕੋਰੋਨਾ ਨਾਲ ਸੰਕ੍ਰਮਿਤ ਹਨ, ਜਦੋਂ ਕਿ 44 ਲੋਕਾਂ ਦੀ ਮੌਤ ਇਸ ਕਾਰਨ ਹੋਈ ਹੈ। ਪਾਕਿਸਤਾਨ ‘ਚ ਸਭ ਤੋਂ ਵੱਧ ਪ੍ਰਭਾਵਿਤ ਇਸ ਦਾ ਪੰਜਾਬ ਹੈ, ਜਿਸ ਵਿਚ 1,194 ਮਾਮਲੇ ਹੋ ਗਏ ਹਨ ਅਤੇ ਦੂਜੇ ਨੰਬਰ ‘ਤੇ 830 ਮਾਮਲੇ ਸਿੰਧ ਵਿਚ ਹਨ।
ਪਾਕਿ ਦੀ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ ‘ਚ ਸਰਕਾਰ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਕੌਮੀ ਯੋਜਨਾ ਦੀ ਵਿਆਖਿਆ ਕੀਤੀ ਹੈ। ਇਸ ਵਿਚ ਸਰਕਾਰ ਨੇ ਮਹਾਂਮਾਰੀ ਤੇ ਸ਼ੱਕੀ ਮਾਮਲਿਆਂ ਦੀ ਗੰਭੀਰਤਾ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਉਧਰ, ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕੋਰੋਨਾਵਾਇਰਸ ਤੋਂ ਪੈਦਾ ਹੋਏ ਖਤਰੇ ਤੋਂ ਮੁਕਤ ਨਹੀਂ ਹਨ ਪਰ ਵਿਸ਼ਵਾਸ ਜਤਾਉਂਦੇ ਹਨ ਕਿ ਪਾਕਿਸਤਾਨ ਚੁਣੌਤੀ ਤੋਂ ਮਜ਼ਬੂਤ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਉਹ ਕੋਰੋਨਾਵਾਇਰਸ ਤੋਂ ਸੁਰੱਖਿਅਤ ਰਹਿਣਗੇ… ਨਿਊਯਾਰਕ ਵੱਲ ਦੇਖੋ, ਜਿੱਥੇ ਜ਼ਿਆਦਾਤਰ ਅਮੀਰ ਲੋਕ ਰਹਿੰਦੇ ਹਨ।