ਪਾਕਿ ‘ਚ ਫਰਜ਼ੀ ਲਾਇਸੈਂਸ ਮਾਮਲੇ ਨੂੰ ਲੈ ਕੇ 188 ਦੇਸ਼ ਲਗਾ ਸਕਦੇ ਨੇ ਉਡਾਣਾਂ ‘ਤੇ ਪਾਬੰਦੀ

520
Share

-ਯੂ.ਕੇ. ਤੇ ਯੂਰਪੀ ਸੰਘ ਨੇ ਪਹਿਲਾਂ ਹੀ ਪੀ.ਆਈ.ਏ. ਦੀਆਂ ਉਡਾਣਾਂ ‘ਤੇ ਲਾਈ ਹੈ 6 ਮਹੀਨੇ ਤੱਕ ਪਾਬੰਦੀ
ਇਸਲਾਮਾਬਾਦ, 11 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਨੂੰ ਆਉਣ ਵਾਲੇ ਦਿਨਾਂ ਵਿਚ ਇਕ ਵੱਡਾ ਝਟਕਾ ਲੱਗ ਸਕਦਾ ਹੈ। ਪਾਕਿਸਤਾਨ ਵਿਚ ਫਰਜ਼ੀ ਲਾਇਸੈਂਸ ਮਾਮਲੇ ਨੂੰ ਲੈ ਕੇ 188 ਦੇਸ਼ ਉਸ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਸਕਦੇ ਹਨ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਏਅਰਲਾਈਨਜ਼ ਵਿਚ ਪਾਇਲਟ ਲਾਇਸੈਂਸਿੰਗ ਮੁੱਦੇ ‘ਤੇ 188 ਦੇਸ਼ਾਂ ਦੇ ਲਈ ਉਡਾਣ ਭਰਨ ਅਤੇ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈ.ਸੀ.ਏ.ਓ.) ਵੱਲੋਂ ਲੋੜੀਂਦੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ ਦੇ ਕਾਰਨ ਉਸ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਫਰਜ਼ੀ ਪਾਇਲਟ ਲਾਇਸੈਂਸ ਘਪਲੇ ਦੇ ਕਾਰਨ ਯੂ.ਕੇ. ਅਤੇ ਯੂਰਪੀ ਸੰਘ ਨੇ ਪਹਿਲਾਂ ਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀਆਂ ਉਡਾਣਾਂ ‘ਤੇ 6 ਮਹੀਨੇ ਤੱਕ ਪਾਬੰਦੀ ਲਗਾਈ ਹੋਈ ਹੈ। ਪਾਕਿਸਤਾਨ ਵਿਚ ਫਰਜ਼ੀ ਪਾਇਲਟ ਲਾਇਸੈਂਸ ਘਪਲੇ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਸੰਘੀ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਦੱਸਿਆ ਕਿ ਪੀ.ਆਈ.ਏ. ਦੇ 141 ਸਮੇਤ 262 ਪਾਇਲਟਾਂ ਨੇ ਫਰਜ਼ੀ ਲਾਇਸੈਂਸ ਬਣਾਏ ਸਨ। ਇਸ ਵਿਚ ਆਈ.ਸੀ.ਏ.ਓ. ਨੇ ਆਪਣੇ 179ਵੇਂ ਸੈਸ਼ਨ ਦੀ 12ਵੀਂ ਬੈਠਕ ਵਿਚ ਆਪਣੇ ਮੈਂਬਰ ਰਾਜਾਂ ਨੂੰ ਮਹੱਤਵਪੂਰਨ ਸੁਰੱਖਿਆ ਚਿੰਤਾਵਾਂ (SSCs) ਨੂੰ ਸੰਬੋਧਿਤ ਕਰਨ ਦੇ ਲਈ ਇਕ ਸਿਸਟਮ ਨੂੰ ਮਨਜ਼ੂਰੀ ਦਿੱਤੀ।
ਆਈ.ਸੀ.ਏ.ਓ. ਨੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਪਾਕਿਸਤਾਨ ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਿਟੀ (ਪੀ.ਸੀ.ਏ.ਏ.) ਨੂੰ ਇਕ ਗੰਭੀਰ ਚਿਤਾਵਨੀ ਜਾਰੀ ਕੀਤੀ। 3 ਨਵੰਬਰ ਨੂੰ ਲਿਖੇ ਪੱਤਰ ਵਿਚ, ਆਈ.ਸੀ.ਏ.ਓ. ਨੇ ਦੱਸਿਆ ਕਿ ਪਾਕਿਸਤਾਨ ਪਾਇਲਟਾਂ ਦੇ ਲਈ ਲਾਇਸੈਂਸਿੰਗ ਪ੍ਰਕਿਰਿਆ ਦੇ ਸੰਬੰਧ ਵਿਚ ਲਾਇਸੈਂਸ ਅਤੇ ਉਨ੍ਹਾਂ ਦੀ ਸਿਖਲਾਈ ਦੇ ਬਾਰੇ ਵਿਚ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ‘ਚ ਅਸਫਲ ਰਿਹਾ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਦੱਸਿਆ ਕਿ ਦੇਸ਼ ਦੇ ਜਹਾਜ਼ ਅਤੇ ਇਸ ਨੂੰ ਚਲਾਉਣ ਵਾਲੇ ਪਾਇਲਟਾਂ ਨੂੰ ਦੁਨੀਆਂ ਦੇ 188 ਦੇਸ਼ਾਂ ਵਿਚ ਉਡਾਣ ਭਰਨ ਤੋਂ ਰੋਕਣ ਦੀ ਸੰਭਾਵਨਾ ਹੈ।
ਪਾਕਿਸਤਾਨ ਏਅਰਲਾਈਨਜ਼ ਪਾਇਲਟ ਐਸੋਸੀਏਸ਼ਨ (Palpa) ਇਸ ਮੁੱਦੇ ਨੂੰ ਜੂਨ 2020 ਤੋਂ ਉਠਾ ਰਿਹਾ ਸੀ ਪਰ ਬਦਕਿਸਮਤੀ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਇਸ ਦੀ ਉਪੇਖਿਆ ਕੀਤੀ ਗਈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਲਪਾ ਨੇ ਅੰਤਰਰਾਸ਼ਟਰੀ ਪ੍ਰਥਾਵਾਂ ਦੇ ਮੁਤਾਬਕ ਸਿਸਟਮ ਨੂੰ ਮੁੜ ਤੋਂ ਬਣਾਉਣ ਲਈ ਕਈ ਵਿਕਲਪਾਂ ਨੂੰ ਅੱਗੇ ਵਧਾਇਆ ਅਤੇ ਇਕ ਪੇਸ਼ਕਾਰੀ ਵੀ ਦਿੱਤੀ। ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਦਖਲਅੰਦਾਜ਼ੀ ਕਰਨ ਅਤੇ ਇਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰਨ, ਤਾਂ ਜੋ ਇਸ ਮੁੱਦੇ ਨੂੰ ਤੁਰੰਤ ਆਧਾਰ ‘ਤੇ ਹੱਲ ਕੀਤਾ ਜਾ ਸਕੇ।


Share