ਪਾਕਿ ‘ਚ ਪੀ.ਆਈ.ਏ. ਦੇ ਹਾਦਸਾਗ੍ਰਸਤ ਹੋਏ ਜਹਾਜ਼ ਦੀ ਦੋ ਮਹੀਨੇ ਪਹਿਲਾਂ ਕੀਤੀ ਗਈ ਸੀ ਜਾਂਚ

933

ਇਸਲਾਮਾਬਾਦ, 23 ਮਈ (ਪੰਜਾਬ ਮੇਲ)-ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਨੇ ਸ਼ਨੀਵਾਰ ਨੂੰ ਕਿਹਾ ਕਿ ਹਾਦਸਾਗ੍ਰਸਤ ਹੋਏ ਏਅਰਬਸ ਏ-320 ਦੀ ਦੋ ਮਹੀਨੇ ਪਹਿਲਾਂ ਜਾਂਚ ਕੀਤੀ ਗਈ ਸੀ ਤੇ ਇਸ ਨੇ ਹਾਦਸੇ ਤੋਂ ਇਕ ਦਿਨ ਪਹਿਲਾਂ ਮਸਕਤ ਤੋਂ ਲਾਹੌਰ ਲਈ ਉਡਾਣ ਭਰੀ ਸੀ।
ਡਾਨ ਅਖਬਾਰ ਦੀ ਖਬਰ ਮੁਤਾਬਕ ਭਾਰੀ ਵਿੱਤੀ ਘਾਟੇ ਵਿਚ ਚੱਲ ਰਹੀ ਏਅਰਲਾਈਨਸ ਨੇ ਇਸ ਜਹਾਜ਼ ਦੇ ਤਕਨੀਕੀ ਪਹਿਲੂਆਂ ਨਾਲ ਜੁੜੀ ਜਾਣਕਾਰੀ ਜਾਰੀ ਕਰਦੇ ਹੋਏ ਕਿਹਾ ਕਿ ਜਹਾਜ਼ ਦੇ ਇੰਜਣ, ਲੈਂਡਿੰਗ ਗਿਅਰ ਜਾਂ ਪ੍ਰਮੁੱਖ ਉਡਾਣ ਪ੍ਰਣਾਲੀ ਨਾਲ ਸਬੰਧਤ ਕੋਈ ਖਾਮੀ ਨਹੀਂ ਸੀ। ਪੀ.ਆਈ.ਏ. ਦੀ ਉਡਾਣ ਸੰਖਿਆ ਪੀਕੇ-8303 ਦੇ ਇਥੇ ਹਵਾਈ ਅੱਡੇ ਦੇ ਨੇੜੇ ਇਕ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ਵਿਚ ਹਾਦਸੇ ਦੇ ਸ਼ਿਕਾਰ ਹੋਣ ਨਾਲ 9 ਬੱਚਿਆਂ ਸਣੇ 97 ਲੋਕਾਂ ਦੀ ਮੌਤ ਹੋ ਗਈ ਸੀ ਤੇ ਦੋ ਯਾਤਰੀ ਇਸ ਹਾਦਸੇ ਵਿਚ ਚਮਤਕਾਰੀ ਢੰਗ ਨਾਲ ਬਚ ਗਏ ਸਨ। ਲਾਹੌਰ ਤੋਂ ਆ ਰਿਹਾ ਜਹਾਜ਼ ਸ਼ੁੱਕਰਵਾਰ ਨੂੰ ਕਰਾਚੀ ਵਿਚ ਉਤਰਣ ਤੋਂ ਕੁਝ ਮਿੰਟ ਪਹਿਲਾਂ ਮਾਲਿਰ ਵਿਚ ਮਾਡਲ ਕਲੌਨੀ ਦੇ ਨੇੜੇ ਜਿਨਾਹ ਗਾਰਡਨ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ। ਪੀ.ਆਈ.ਏ. ਇੰਜੀਨੀਅਰਿੰਗ ਤੇ ਦੇਖਭਾਲ ਵਿਭਾਗ ਦੇ ਮੁਤਾਬਕ ਜਹਾਜ਼ ਦੀ ਆਖਰੀ ਵਾਰ ਜਾਂਚ 21 ਮਾਰਚ ਨੂੰ ਕੀਤੀ ਗਈ ਸੀ ਤੇ ਉਸ ਨੇ ਹਾਦਸੇ ਤੋਂ ਇਕ ਦਿਨ ਪਹਿਲਾਂ ਮਸਕਤ ਤੋਂ ਲਾਹੌਰ ਦੇ ਲਈ ਉਡਾਣ ਭਰੀ ਸੀ।
ਜਾਣਕਾਰੀ ਮੁਤਾਬਕ ਦੇਸ਼ ਦੇ ਨਾਗਰਿਕ ਸਿਵਲ ਐਵੀਏਸ਼ਨ ਅਥਾਰਟੀ ਨੇ ਜਹਾਜ਼ ਨੂੰ ਪੰਜ ਨਵੰਬਰ, 2020 ਤੱਕ ਉਡਾਣਾਂ ਲਈ ਸੇਫ ਦੱਸਿਆ ਸੀ। ਸੰਘੀ ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਲਈ ਇਕ ਟੀਮ ਦਾ ਗਠਨ ਕੀਤਾ ਹੈ, ਜੋ ਜਲਦੀ ਤੋਂ ਜਲਦੀ ਰਿਪੋਰਟ ਸੌਂਪੇਗੀ। ਇਸ ਸ਼ੁਰੂਆਤੀ ਬਿਆਨ ਇਕ ਮਹੀਨੇ ਦੇ ਅੰਦਰ ਜਾਰੀ ਕੀਤਾ ਜਾਵੇਗਾ। ਇਸ ਵਿਚਾਲੇ ਪਾਕਿਸਤਾਨ ਏਅਰਲਾਈਨਸ ਪਾਇਲਟ ਐਸੋਸੀਏਸ਼ਨ ਨੇ ਇਸ ਹਾਦਸੇ ਦੀ ਡੂੰਘੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡਾਨ ਸਮਾਚਾਰ ਪੱਤਰ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਆਪਣੀ ਖਬਰ ਵਿਚ ਕਿਹਾ ਕਿ ਜਹਾਜ਼ ਨੇ ਦੋ ਵਾਰ ਉਤਰਣ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਸਹੀ ਲੈਂਡਿੰਗ ਨਹੀਂ ਕਰ ਸਕਿਆ।