ਪੇਸ਼ਾਵਰ, 5 ਮਾਰਚ (ਪੰਜਾਬ ਮੇਲ)- ਪਾਕਿਸਤਾਨ ਵਿਚ ਹੋਈਆਂ ਸੈਨੇਟ ਚੋਣਾਂ ਵਿਚ ਖੈਬਰ ਪਖਤੂਨਖਵਾ ਸੂਬੇ ਤੋਂ ਸੱਤਾਧਾਰੀ ਪਾਕਿਸਤਾਨ-ਤਹਿਰੀਕ-ਇਨਸਾਫ ਪਾਰਟੀ ਦੇ ਗੁਰਦੀਪ ਸਿੰਘ ਨੇ ਜਿੱਤ ਦਰਜ ਕੀਤੀ।ਉਹ ਇਸ ਸੂਬੇ ਤੋਂ ਚੁਣ ਗਏ ਪਹਿਲੇ ਦਸਤਾਰਧਾਰੀ ਸਿੱਖ ਪ੍ਰਤੀਨਿਧੀ ਬਣ ਗਏ ਹਨ। ਗੁਰਦੀਪ ਸਿੰਘ ਨੇ ਸੰਸਦ ਦੇ ਉੱਚ ਸਦਨ ਲਈ ਹੋਈਆਂ ਚੋਣਾਂ ਵਿਚ ਘੱਟ ਗਿਣਤੀ ਸੀਟ ‘ਤੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ। ਗੁਰਦੀਪ ਸਿੰਘ ਨੂੰ ਸਦਨ ਵਿਚ 145 ਵਿਚੋਂ 103 ਵੋਟਾਂ ਹਾਸਲ ਹੋਈਆਂ ਜਦਕਿ ਜਮੀਅਤ ਉਲੇਮਾ-ਏ-ਇਸਲਾਮ (ਫਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਸਿਰਫ 25 ਵੋਟਾਂ ਹਾਸਲ ਕੀਤੀਆਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੇ 12 ਵੋਟ ਹਾਸਲ ਕੀਤੇ।