ਪਾਕਿਸਤਾਨ ਸਥਿਤ ‘ਸ਼ੇਰ-ਏ ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਛੱਤ ਡਿੱਗੀ

72
ਗੁੱਜਰਾਂਵਾਲਾ ’ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਡਿਗੀ ਛੱਤ।
Share

-ਪਾਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਘਰ ਦੀ ਹਾਲਤ ਖ਼ਸਤਾ
ਗੁੱਜਰਾਂਵਾਲਾ, 17 ਅਗਸਤ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਵੱਲੋਂ ਲਗਾਤਾਰ ਵਰਤੀ ਲਾਪ੍ਰਵਾਹੀ ਕਾਰਨ ਗੁੱਜਰਾਂਵਾਲਾ ਸ਼ਹਿਰ ’ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਛੱਤ ਡਿੱਗ ਗਈ ਹੈ। ਵੇਰਵਿਆਂ ਮੁਤਾਬਕ ‘ਸ਼ੇਰ-ਏ-ਪੰਜਾਬ’ ਦੀ ਹਵੇਲੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ। ਹਾਲੇ ਕੁਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਨੂੰ ਇਤਿਹਾਸਕ ਸੈਰ-ਸਪਾਟੇ ਵਾਲੀ ਥਾਂ ਵਿਚ ਤਬਦੀਲ ਕੀਤੇ ਜਾਣ ਲਈ ਸੁਰੱਖਿਅਤ ਕਰਾਰ ਦਿੱਤਾ ਸੀ। ਹਵੇਲੀ ਨੂੰ ਸੈਲਾਨੀਆਂ, ਖਾਸ ਕਰਕੇ ਭਾਰਤ ਦੇ ਸਿੱਖਾਂ ਲਈ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ। ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਸ ਘਰ ਵਿਚ 13 ਨਵੰਬਰ, 1780 ਨੂੰ ਹੋਇਆ ਸੀ। ਇਹ ਹਵੇਲੀ ਦੁਨੀਆਂ ਭਰ ਦੇ ਸਿੱਖਾਂ ਵਿਚ ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਜਾਣਕਾਰਾਂ ਮੁਤਾਬਕ 18ਵੀਂ ਸਦੀ ਤੱਕ ਹਵੇਲੀ ਦੇ ਆਲੇ-ਦੁਆਲੇ ਕਾਫ਼ੀ ਹਰਿਆਲੀ ਸੀ ਤੇ ਥਾਂ ਵੀ ਕਾਫ਼ੀ ਖੁੱਲ੍ਹੀ ਸੀ, ਪਰ ਹੁਣ ਇਸ ਇਲਾਕੇ ਵਿਚ ਬਹੁਤ ਭੀੜ-ਭੜੱਕਾ ਹੈ ਤੇ ਕਈ ਗੈਰਕਾਨੂੰਨੀ ਉਸਾਰੀਆਂ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿਚ ਇਹ ਵਿਰਾਸਤੀ ਜਾਇਦਾਦ ਖ਼ਸਤਾ ਹਾਲ ਨਜ਼ਰ ਆ ਰਹੀ ਹੈ। ਜਦਕਿ ਕਿਸੇ ਵੇਲੇ ਇਹ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਦੌਲਤ ਤੇ ਸ਼ਾਨ ਦਾ ਪ੍ਰਤੀਕ ਸੀ।¿;
‘ਸ਼ੇਰ-ਏ-ਪੰਜਾਬ’ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ।

ਗੁਜਰਾਂਵਾਲਾ ਦੇ ਇਕ ਵਾਸੀ ਨੇ ਦੱਸਿਆ ਕਿ ਹਵੇਲੀ ਦੇ ਅੱਗੇ ਇਕ ਗੈਰਕਾਨੂੰਨੀ ਮੱਛੀ ਮਾਰਕੀਟ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਹਵੇਲੀ ਦੀ ਮੁਰੰਮਤ ਲਈ ਰਾਸ਼ੀ ਜਾਰੀ ਹੋਈ ਹੈ ਪਰ ਛੱਤ ਦਾ ਡਿੱਗਣਾ ਦਿਖਾਉਂਦਾ ਹੈ ਕਿ ਲਾਪ੍ਰਵਾਹੀ ਵਰਤੀ ਗਈ ਹੈ। ਹਵੇਲੀ ਦਾ ਬਾਕੀ ਹਿੱਸਾ ਵੀ ਬਹੁਤੀ ਚੰਗੀ ਹਾਲਤ ਵਿਚ ਨਹੀਂ ਹੈ। ਇਸ ਦੇ ਅੰਦਰ ਇਕ ਪਾਰਕ ਬਣਾਇਆ ਗਿਆ ਸੀ, ਜਿੱਥੇ ਹੁਣ ਮੱਛੀ ਮਾਰਕੀਟ ਲੱਗ ਰਹੀ ਹੈ। ਪਾਕਿਸਤਾਨ ਦਾ ਪੁਰਾਤੱਤਵ ਵਿਭਾਗ ਇਸ ਇਮਾਰਤ ਨੂੰ ਵਿਰਾਸਤੀ ਇਮਾਰਤਾਂ ਦੇ ਵਰਗ ਵਿਚ ਰੱਖ ਚੁੱਕਾ ਹੈ, ਜਿਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਪਰ ਅਧਿਕਾਰੀ ਕਦੇ-ਕਦਾਈਂ ਹੀ ਗੇੜਾ ਮਾਰਦੇ ਹਨ। ਸਰਕਾਰ ਨੇ ਮੁਰੰਮਤ ਲਈ ਕਈ ਵਾਰ ਫੰਡ ਜਾਰੀ ਕੀਤੇ ਹਨ ਪਰ ਇਨ੍ਹਾਂ ਨੂੰ ਵਰਤਿਆ ਨਹੀਂ ਗਿਆ। ਕੁਝ ਰਿਪੋਰਟਾਂ ਮੁਤਾਬਕ ਸਰਕਾਰ ਨੇ ਹਵੇਲੀ ਦੇ ਇਕ ਹਿੱਸੇ ਨੂੰ ਕੂੜਾ ਡੰਪ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਸੀ। ਹਵੇਲੀ ਦੇ ਸਭ ਤੋਂ ਹੇਠਲੇ ਹਿੱਸੇ ਨੂੰ ਵੰਡ ਤੋਂ ਬਾਅਦ ਪੁਲਿਸ ਥਾਣੇ ਵਜੋਂ ਵੀ ਵਰਤਿਆ ਜਾਂਦਾ ਰਿਹਾ। ਹਾਲਾਂਕਿ ਮਗਰੋਂ ਸਰਕਾਰ ਨੇ ਡੰਪ ਨੂੰ ਹਟਾ ਲਿਆ ਸੀ ਤੇ ਪਾਰਕਿੰਗ ਬਣਾ ਦਿੱਤੀ ਸੀ। ਸੰਨ 2012-13 ਵਿਚ ਹਵੇਲੀ ਦੇ ਇਕ ਹਿੱਸੇ ਵਿਚ ਸਬਜ਼ੀਆਂ ਦੀਆਂ ਦੁਕਾਨਾਂ ਬਣ ਗਈਆਂ।


Share