ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਗਿਆ ਪਰਿਵਾਰ ਕੋਰੋਨਾ ਕਾਰਨ ਫਸਿਆ

714
Share

ਅੰਮ੍ਰਿਤਸਰ, 26 ਮਈ (ਪੰਜਾਬ ਮੇਲ)- ਲੌਕਡਾਊਨ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਗਏ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਪੰਜ ਮੈਂਬਰ ਉੱਥੇ ਹੀ ਫਸ ਗਏ। ਦਰਅਸਲ ਕੋਰੋਨਾ ਵਾਇਰਸ ਕਾਰਨ ਦੋਵਾਂ ਦੇਸ਼ਾਂ ‘ਚ ਆਵਾਜਾਈ ‘ਤੇ ਰੋਕ ਲੱਗ ਗਈ। ਇਸ ਕਾਰਨ ਪਰਿਵਾਰ ਦੇ ਪੰਜ ਮੈਂਬਰ ਉੱਥੇ ਫਸ ਗਏ। ਹੁਣ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਵਾਪਸ ਲਿਆਂਦਾ ਜਾਵੇ।

ਇਹ ਪਰਿਵਾਰ 10 ਮਾਰਚ ਨੂੰ ਪਾਕਿਸਤਾਨ ਗਏ ਸੀ। ਅੰਮ੍ਰਿਤਸਰ ਨਿਵਾਸੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ ਤਿੰਨ ਹੋਰ ਲੋਕ ਪਾਕਿਸਤਾਨ ਗਏ ਸਨ। ਫਿਲਹਾਲ ਉਹ ਕਿਸੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਹਨ। ਹੁਣ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਕੋਲ ਪਰਿਵਾਰ ਨੂੰ ਵਾਪਸ ਲਿਆਉਣ ਲਈ ਮਦਦ ਦੀ ਗੁਹਾਰ ਲਾਈ ਹੈ।

ਸਤਬੀਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ‘ਚ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉੱਥੇ ਮੈਡੀਕਲ ਸਟੋਰ ‘ਚ ਦਵਾਈ ਵੀ ਨਹੀਂ ਮਿਲ ਰਹੀ, ਇਸ ਲਈ ਸਰਕਾਰ ਉਨ੍ਹਾਂ ਨੂੰ ਤੁਰੰਤ ਉੱਥੋਂ ਵਾਪਸ ਲਿਆਉਣ ਲਈ ਕਦਮ ਚੁੱਕੇ।

ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਈ ਲੋਕ ਅੱਧਵਾਟੇ ਫਸੇ ਹੋਏ ਹਨ। ਭਾਰਤ ਸਰਕਾਰ ਨੇ ਦੂਜੇ ਮੁਲਕਾਂ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਵੀ ਚਲਾਈ ਹੋਈ ਹੈ। ਅਜਿਹੇ ‘ਚ ਹੁਣ ਪਾਕਿਸਤਾਨ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਵੀ ਯਤਨ ਕੀਤੇ ਜਾਣਗੇ।


Share