ਪਾਕਿਸਤਾਨ ਰੇਲ-ਬੱਸ ਹਾਦਸਾ; ਮ੍ਰਿਤਕ ਸਿੱਖ ਵਿਅਕਤੀਆਂ ਦਾ ਹੋਇਆ ਸਸਕਾਰ

915
ਅਟਕ ਦੇ ਸ਼ਮਸ਼ਾਨਘਾਟ 'ਚ ਮ੍ਰਿਤਕ ਸਿੱਖਾਂ ਦੇ ਅੰਤਮ ਸਸਕਾਰ ਸਮੇਂ ਵਿਰਲਾਪ ਕਰਦੇ ਹੋਏ ਸਿੱਖ ਪਰਿਵਾਰ।
Share

ਅੰਮ੍ਰਿਤਸਰ, 5 ਜੁਲਾਈ (ਪੰਜਾਬ ਮੇਲ)- ਬੀਤੇ ਦਿਨੀਂ ਪਾਕਿਸਤਾਨ ‘ਚ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ ਦੇ ਨਜ਼ਦੀਕ ਰੇਲਵੇ ਫਾਟਕ ‘ਤੇ ਹੋਏ ਰੇਲ ਗੱਡੀ ਸ਼ਾਹ ਹੁਸੈਨ ਐਕਸਪ੍ਰੈੱਸ-43 ਅਤੇ ਮਿੰਨੀ ਬੱਸ ਵਿਚਾਲੇ ਹੋਏ ਅਫ਼ਸੋਸਨਾਕ ਹਾਦਸੇ ‘ਚ ਮਾਰੇ ਗਏ 20 ਸਿੱਖਾਂ ਦੇ ਅਟਕ ਸ਼ਹਿਰ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਤਿਮ ਸੰਸਕਾਰ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ‘ਚ ਸ਼ਾਮਲ ਕਾਕਾ ਸਿੰਘ, ਪੂਰਨ ਕੌਰ, ਜੈ ਸਿੰਘ, ਭੁਪਿੰਦਰ ਸਿੰਘ, ਦਲਜੀਤ ਕੌਰ ਪਤਨੀ ਭੁਪਿੰਦਰ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਕੌਰ, ਬਲਬੀਰ ਸਿੰਘ, ਮਿਹਨਤ ਕੌਰ, ਹਰਮੀਤ ਸਿੰਘ, ਅਲਜੀਤ ਸਿੰਘ, ਅਮਰੀਕ ਸਿੰਘ, ਸਤਪਾਲ ਕੌਰ, ਰਵਿੰਦਰ ਸਿੰਘ, ਮਹਾਨ ਕੌਰ, ਜੈ ਕੌਰ, ਦਲਜੀਤ ਕੌਰ ਪਤਨੀ ਜਗਮੋਹਨ ਸਿੰਘ, ਤਜਿੰਦਰ ਸਿੰਘ ਅਤੇ ਰਣਜੀਤ ਕੌਰ ਦੀਆਂ ਮ੍ਰਿਤਕ ਦੇਹਾਂ ਲਾਹੌਰ ਲਿਜਾਉਣ ਉਪਰੰਤ ਪਾਕਿ ਫ਼ੌਜ ਵਲੋਂ ਸੀ-130 ਜਹਾਜ਼ ਰਾਹੀਂ ਰਾਤ ਲਗਪਗ 3.30 ਵਜੇ ਪਿਸ਼ਾਵਰ ਪਹੁੰਚਾਈਆਂ ਗਈਆਂ। ਜਿਨ੍ਹਾਂ ਦਾ ਅਟਕ ਸ਼ਹਿਰ ਵਿਚਲੇ ਸ਼ਮਸ਼ਾਨ-ਘਾਟ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਜਦਕਿ ਮ੍ਰਿਤਕਾਂ ‘ਚ ਸ਼ਾਮਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਦੇ ਭਰਾ ਕਲਿਆਣ ਸਿੰਘ ਦੀ ਪੁੱਤਰੀ ਹਰਜਸਲੀਨ ਕੌਰ ਦਾ ਅੰਤਿਮ ਸੰਸਕਾਰ ਸ੍ਰੀ ਨਨਕਾਣਾ ਸਾਹਿਬ ਦੇ ਸ਼ਮਸ਼ਾਨ-ਘਾਟ ‘ਚ ਕੀਤਾ ਗਿਆ। ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਦੇ ਸਥਾਨਕ ਲੋਕਾਂ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਐੱਮ.ਪੀ.ਏ. ਮਹਿੰਦਰਪਾਲ ਸਿੰਘ ਅਤੇ ਕੇਅਰ ਟੈਕਰ ਗੁਰਦੁਆਰਾ ਡੇਰਾ ਸਾਹਿਬ ਅਜ਼ਹਰ ਅੱਬਾਸ ਸ਼ਾਹ ਵੀ ਹਾਜ਼ਰ ਸਨ।


Share