ਪਾਕਿਸਤਾਨ ਪੰਜਾਬ ਦੇ ਸਰਕਾਰੀ ਨੁਮਾਇੰਦੇ ਫਾਰੂਕ ਅਰਸ਼ਾਦ ਵੱਲੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸੱਦਾ

489
ਗੁਰੂ ਘਰ ਵੱਲੋਂ ਪਾਕਿਸਤਾਨ ਦੇ ਪੰਜਾਬ ਦੇ ਸਰਕਾਰੀ ਕੋਆਰਡੀਨੇਟਰ ਫਾਰੂਕ ਅਰਸ਼ਾਦ ਨੂੰ ਸਿਰੋਪਾਓ ਦੇ ਕੇ ਨਿਵਾਜਦੇ ਸਮੇਂ।
Share

ਸਿਆਟਲ, 10 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ, ਸਿਆਟਲ ਵਿਚ ਪਾਕਿਸਤਾਨ ਪੰਜਾਬ ਦੇ ਸਰਕਾਰੀ ਨੁਮਾਇੰਦੇ ਫਾਰੂਕ ਅਰਸ਼ਾਦ ਨਤਮਸਤਕ ਹੋਏ ਅਤੇ ਸਟੇਜ ਤੋਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਪਾਕਿਸਤਾਨ ’ਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਅਤੇ ਲੋੜੀਂਦੀ ਸੇਵਾਵਾਂ ਭੇਂਟ ਕਰਨ ਦਾ ਵਿਸ਼ਵਾਸ ਦਿਵਾਇਆ। ਫਾਰੂਕ ਅਰਸ਼ਾਦ ਨੇ ਪੰਜਾਬੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬੀ ਦੇ ਵਿਕਾਸ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਬਾਬਾ ਨਾਨਕ ਦੇ ਨਾਂ ’ਤੇ ਯੂਨੀਵਰਸਿਟੀ ਬਣਾਈ ਗਈ ਹੈ, ਜਿੱਥੇ ਪੰਜਾਬੀ ਦੀ ਪੀ.ਐੱਚ.ਡੀ. ਕਰਵਾਈ ਜਾਵੇਗੀ ਅਤੇ ਚਾਹਵਾਨ ਵਿਦਿਆਰਥੀ ਨੂੰ ਪੜ੍ਹਾਈ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਦੱਸਿਆ ਕਿ ਪਾਕਿਸਤਾਨ ਸਰਕਾਰ ਅਤੇ ਲੋਕਾਂ ਵਿਚ ਪੰਜਾਬੀਆਂ ਪ੍ਰਤੀ ਅਤੀ ਸਤਿਕਾਰ ਹੈ ਅਤੇ ਸੇਵਾ ਕਰਨ ਲਈ ਤੱਤਪਰ ਹਨ। ਪੰਜਾਬ ਸਰਕਾਰ (ਪਾਕਿ) ਦੇ ਕੋਆਰਡੀਨੇਟਰ ਫਾਰੂਕ ਅਰਸ਼ਾਦ ਨੇ ਜਾਣਕਾਰੀ ਦਿੱਤੀ ਕਿ 10-12 ਹਜ਼ਾਰ ਪੰਜਾਬੀ ਪਾਕਿਸਤਾਨ ਦੇ ਵਸਨੀਕ ਹਨ, ਜੋ ਬਹੁਤੇ ਪੜ੍ਹੇ-ਲਿਖੇ ਨਹੀਂ, ਪਰੰਤੂ ਆਪਣਾ ਕਾਰੋਬਾਰ ਚਲਾ ਰਹੇ ਹਨ। ਇਸ ਮੌਕੇ ਗੁਰੂ ਘਰ ਵੱਲੋਂ ਫਾਰੂਕ ਅਰਸ਼ਾਦ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ। ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਵੱਲੋਂ ਸਵਾਗਤ ਕਰਦਿਆਂ ਗੁਰੂ ਘਰ ਪਹੁੰਚਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਤੇ ਪਾਕਿਸਤਾਨ ਦੇ ਪ੍ਰਵਾਸੀ ਭਾਈ ਮੌਜੂਦ ਸਨ।

Share