ਲਾਹੌਰ, 16 ਜਨਵਰੀ (ਪੰਜਾਬ ਮੇਲ)-ਪਾਕਿਸਤਾਨ ਦੇ ਪਹਿਲੇ ਸਿੱਖ ਐਂਕਰ ਹਰਮੀਤ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਦੇਣ ਵਾਲੇ ਪੇਸ਼ਾਵਰ ਜੇਲ੍ਹ ਵਿਚ ਬੰਦ ਹਨ ਅਤੇ ਹਰਮੀਤ ਸਿੰਘ ਦਾ ਮੰਨਣਾ ਹੈ ਕਿ ਉਸ ਦੇ ਭਰਾ ਦੇ ਕਾਤਲ ਹੁਣ ਉਸ ਉਪਰ ਹਮਲਾ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। ਦੱਸ ਦੇਈਏ ਕਿ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਦਾ ਇਕ ਸਾਲ ਪਹਿਲਾਂ ਕਤਲ ਕਰ ਦਿਤਾ ਗਿਆ। ਪਰਵਿੰਦਰ ਸਿੰਘ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਭਾੜੇ ਦੇ ਕਾਤਲਾਂ ਤੋਂ ਇਹ ਕੰਮ ਕਰਵਾਇਆ। ਪਰਵਿੰਦਰ ਸਿੰਘ ਦੀ ਲਾਸ਼ ਪੇਸ਼ਾਵਰ ਦੇ ਬਾਹਰੀ ਇਲਾਕੇ ਵਿਚ ਇਕ ਡਰੇਨ ਵਿਚੋਂ ਬਰਾਮਦ ਹੋਈ ਸੀ। ਹਰਮੀਤ ਸਿੰਘ ਨੇ ਦੱਸਿਆ ਕਿ ਪ੍ਰੇਮ ਕੁਮਾਰੀ ਅਤੇ ਉਸ ਦੇ ਸਾਥੀਆਂ ਨੂੰ ਹਾਲ ਹੀ ਵਿਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਹਰਮੀਤ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਉਹ ਆਪਣੇ ਭਰਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਿਚ ਸਫ਼ਲ ਨਹੀਂ ਹੋ ਸਕੇਗਾ ਕਿਉਂਕਿ ਬਹੁਗਿਣਤੀ ਭਾਈਚਾਰੇ ਨਾਲ ਸਬੰਧਤ ਮੁਲਜ਼ਮਾਂ ਪ੍ਰਤੀ ਪੁਲਿਸ ਦਾ ਰਵੱਈਆ ਬੇਹੱਦ ਨਰਮ ਨਜ਼ਰ ਆ ਰਿਹਾ ਹੈ।