ਪਾਕਿਸਤਾਨ ਦੀ ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ਕਸ਼ ਨੂੰ ਭਾਰਤ ਨੇ ਠੁਕਰਾਇਆ

867
Share

ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਭਾਰਤ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਾਕਿਸਤਾਨ ਦੀ ਪੇਸ਼ਕਸ਼ ਨੂੰ ਸਿਹਤ ਅਤੇ ਤਕਨੀਕੀ ਅਧਾਰ ‘ਤੇ ਠੁਕਰਾ ਦਿੱਤਾ ਹੈ। ਪਾਕਿਸਤਾਨ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ 29 ਜੂਨ ਨੂੰ ਗਲਿਆਰਾ ਮੁੜ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ। ਪਰ ਇਸ ਪੇਸ਼ਕਸ਼ ਦੇ ਕੁਝ ਘੰਟਿਆਂ ਅੰਦਰ ਹੀ ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਸਿਹਤ ਅਥਾਰਟੀ ਅਤੇ ਹੋਰਨਾਂ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਜਾਵੇਗਾ। ਕਿਉਂਕਿ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਰਹੱਦ ਪਾਰੋਂ ਯਾਤਰਾ ਮੁਅੱਤਲ ਹੈ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ‘ਤੇ ਇਸ ਮਾਮਲੇ ਵਿੱਚ ਘੱਟ ਸੁਹਿਰਦ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸਲਾਮਾਬਾਦ ਨੇ ਇਹ ਪੇਸ਼ਕਸ਼ ਸਿਰਫ ਦੋ ਦਿਨ ਪਹਿਲਾਂ ਦਿੱਤੀ ਹੈ। ਦੂਜੇ ਪਾਸੇ, ਦੁਵੱਲੇ ਸਮਝੌਤੇ ਵਿਚ ਅਜਿਹੀ ਸੂਚਨਾ ਯਾਤਰਾ ਦੀ ਮਿਤੀ ਤੋਂ ਘੱਟੋ ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਲਈ ਭਾਰਤ ਨੂੰ ਪਹਿਲਾਂ ਰਜਿਸਟਰੇਸ਼ਨ ਕਰਨੀ ਹੁੰਦੀ ਹੈ।
ਇਸ ਤੋਂ ਇਲਾਵਾ, ਪਾਕਿਸਤਾਨ ਨੇ ਦੁਵੱਲੇ ਸਮਝੌਤੇ ਵਿਚ ਵਾਅਦਾ ਕੀਤੇ ਜਾਣ ਦੇ ਬਾਵਜੂਦ ਰਾਵੀ ਨਦੀ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਵਿੱਚ ਪੁਲ ਵੀ ਨਹੀਂ ਬਣਾਇਆ ਹੈ। ਮੌਨਸੂਨ ਦੇ ਮੱਦੇਨਜ਼ਰ ਇਸਦਾ ਵੀ ਮੁਲਾਂਕਣ ਕਰਨ ਦੀ ਲੋੜ ਹੋਏਗੀ ਤਾਂ ਜੋ ਗਲਿਆਰੇ ਰਾਹੀਂ ਸੁਰੱਖਿਅਤ ਤੀਰਥ ਯਾਤਰਾ ਸੰਭਵ ਹੋ ਸਕੇ।


Share