ਪਾਕਿਸਤਾਨ ਤੋਂ 2015 ‘ਚ ਭਾਰਤ ਪਰਤੀ ਗੂੰਗੀ-ਬੋਲੀ ਗੀਤਾ ਨੂੰ ਆਖਿਰ ਮਹਾਰਾਸ਼ਟਰ ਵਿਚ ਆਪਣੀ ਅਸਲੀ ਮਾਂ ਮਿਲੀ

414
Share

ਕਰਾਚੀ, 12 ਮਾਰਚ (ਪੰਜਾਬ ਮੇਲ)- ਪਾਕਿਸਤਾਨ ਤੋਂ 2015 ‘ਚ ਭਾਰਤ ਪਰਤੀ ਗੂੰਗੀ-ਬੋਲੀ ਭਾਰਤੀ ਕੁੜੀ ਗੀਤਾ ਨੂੰ ਮਹਾਰਾਸ਼ਟਰ ‘ਚ ਆਪਣੀ ਅਸਲੀ ਮਾਂ ਮਿਲ ਗਈ ਹੈ। ਪਾਕਿਸਤਾਨੀ ਮੀਡੀਆ ਨੇ ਬੁੱਧਵਾਰ ਨੂੰ ਇਹ ਖ਼ਬਰ ਦਿੱਤੀ ਹੈ। ਵਿਸ਼ਵ ਪ੍ਰਸਿੱਧ ਈਦੀ ਵੈਲਫੇਅਰ ਟਰੱਸਟ ਦਾ ਸੰਚਾਲਨ ਕਰਨ ਵਾਲੇ ਮਰਹੂਮ ਅਬਦੁੱਲ ਸਤਾਰ ਈਦੀ ਦੀ ਪਤਨੀ ਬਿਲਕੀਸ ਈਦੀ ਨੇ ਦੱਸਿਆ ਕਿ ਗੀਤਾ ਨੂੰ ਆਖਿਰ ਮਹਾਰਾਸ਼ਟਰ ਵਿਚ ਆਪਣੀ ਅਸਲੀ ਮਾਂ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਮੇਰੇ ਨਾਲ ਸੰਪਰਕ ਵਿਚ ਰਹੀ ਹੈ ਅਤੇ ਇਸ ਹਫ਼ਤੇ ਉਸ ਨੇ ਆਪਣੀ ਮਾਂ ਨੂੰ ਮਿਲਣ ਦੀ ਖ਼ਬਰ ਸੁਣਾਈ। ਉਸ ਦਾ ਅਸਲੀ ਨਾਂ ਰਾਧਾ ਵਾਘਮਾਰੇ ਹੈ ਅਤੇ ਉਸ ਨੂੰ ਮਹਾਰਾਸ਼ਟਰ ਦੇ ਨਾਯਗਾਂਵ ਵਿਚ ਆਪਣੀ ਮਾਂ ਮਿਲ ਗਈ ਹੈ। ਬਿਲਕੀਸ ਨੂੰ ਗੀਤਾ ਇਕ ਰੇਲਵੇ ਸਟੇਸ਼ਨ ‘ਤੇ ਤਦ ਮਿਲੀ ਸੀ ਜਦੋਂ ਉਹ ਕਰੀਬ 11-12 ਸਾਲ ਦੀ ਸੀ ਅਤੇ ਉਨ੍ਹਾਂ ਨੇ ਕਰਾਚੀ ਸਥਿਤ ਆਪਣੇ ਸੈਂਟਰ ਵਿਚ ਉਸ ਨੂੰ ਸਹਾਰਾ ਦਿੱਤਾ ਸੀ। 2015 ਵਿਚ ਤੱਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਯਤਨਾਂ ਨਾਲ ਉਸ ਨੂੰ ਭਾਰਤ ਲਿਆਇਆ ਗਿਆ ਸੀ। ਬਿਲਕੀਸ ਨੇ ਦੱਸਿਆ ਕਿ ਗੀਤਾ ਨੂੰ ਆਪਣੇ ਅਸਲੀ ਮਾਪੇ ਦਾ ਪਤਾ ਲਗਾਉਣ ਵਿਚ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਲੱਗ ਗਿਆ ਅਤੇ ਡੀਐੱਨਏ ਟੈਸਟ ਰਾਹੀਂ ਇਸ ਦੀ ਪੁਸ਼ਟੀ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਗੀਤਾ ਨੇ ਆਪਣੀ ਮਾਂ ਨੂੰ ਪਛਾਣ ਲਿਆ ਹੈ ਅਤੇ ਹੁਣ ਉਹ ਨਾਯਗਾਂਵ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਸ ਦੇ ਜੈਵਿਕ ਪਿਤਾ ਦੀ ਕੁਝ ਸਾਲ ਪਹਿਲੇ ਮੌਤ ਹੋ ਗਈ ਸੀ ਇਸ ਲਈ ਉਸ ਦੀ ਮਾਂ ਮੀਨਾ ਨੇ ਦੁਬਾਰਾ ਵਿਆਹ ਕਰ ਲਿਆ ਹੈ। ਬਿਲਕੀਸ ਈਦੀ ਨੇ ਕਿਹਾ ਕਿ ਗੀਤਾ ਉਨ੍ਹਾਂ ਦੀ ਧੀ ਦੀ ਤਰ੍ਹਾਂ ਸੀ ਅਤੇ ਉਹ ਇਸ ਗੱਲ ਤੋਂ ਖ਼ੁਸ਼ ਹੈ ਕਿ ਉਸ ਨੂੰ ਆਪਣਾ ਅਸਲੀ ਪਰਿਵਾਰ ਮਿਲ ਗਿਆ ਹੈ।


Share