ਪਾਕਿਸਤਾਨ ਤੋਂ ਫਾਰੂਕ ਅਰਸ਼ਦ ਵੱਲੋਂ ਲਹਿੰਦੇ ਤੇ ਚੜ੍ਹਦੇ ਪੰਜਾਬ ‘ਚ ਨੇੜਲੇ ਸੰਬੰਧ ਵਧਾਉਣ ਦੇ ਉਪਰਾਲੇ ਦਾ ਸਵਾਗਤ

487
ਸਿਆਟਲ ਦੇ ਪੰਜਾਬੀ ਭਾਈਚਾਰੇ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਤੇ ਪਾਕਿਸਤਾਨ ਦੇ ਡੈਲੀਗੇਟ ਨਾਲ ਸਾਂਝੀ ਤਸਵੀਰ।
Share

ਸਿਆਟਲ, 21 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਪਾਕਿਸਤਾਨ ਤੋਂ ਪਹੁੰਚੇ ਫਾਰੂਕ ਅਰਸ਼ਦ ਦਾ ਸਿਆਟਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਫਾਰੂਕ ਅਰਸ਼ਦ ਵੱਲੋਂ ਲਹਿੰਦੇ ਤੇ ਚੜ੍ਹਦੇ ਪੰਜਾਬੀਆਂ ‘ਚ ਆਪਸੀ ਨੇੜਲੇ ਸੰਬੰਧ ਵਧਾਉਣ ਲਈ ਅਪੀਲ ਕਰਨ ‘ਤੇ ਸਿਆਟਲ ਦੇ ਪੰਜਾਬੀ ਭਾਈਚਾਰੇ ਵੱਲੋਂ ਸਵਾਗਤ ਕੀਤਾ ਗਿਆ। ਪਾਕਿਸਤਾਨ ਦੇ ਡੈਲੀਗੇਟ ਦੇ ਸਵਾਗਤ ਲਈ ਸਮਾਗਮ ‘ਚ ਗੋਲਡਨ ਕਰੀ ਰੈਸਟੋਰੈਂਟ ਕੈਂਟ ਵਿਚ ਪੰਜਾਬੀ ਭਾਈਚਾਰੇ ਦੀਆਂ ਮਾਣ-ਮੱਤੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਵਿਚਾਰ-ਵਟਾਂਦਰਾ ਕੀਤਾ। ਕੈਂਟ ਸਿਟੀ ਕੌਂਸਲ ਦੀ ਚੋਣਾਂ ਵਿਚ ਜ਼ੋਰ-ਅਜ਼ਮਾਈ ਕਰ ਚੁੱਕੇ ਹੀਰਾ ਸਿੰਘ ਭੁੱਲਰ ਨੇ ਬਾਖੂਬੀ ਨਾਲ ਸਟੇਜ ਦਾ ਸੰਚਾਲਨ ਕੀਤਾ। ਇਸ ਮੌਕੇ ਗੁਰੂ ਘਰ ਦੇ ਸਕੱਤਰ ਰਹਿ ਚੁੱਕੇ ਜਸਵੰਤ ਸਿੰਘ ਸੰਧੂ, ਅਜਾਇਬ ਸਿੰਘ, ਬੀਬੀ ਰਣਜੀਤ ਕੌਰ, ਪਲਵਿੰਦਰ ਕੌਰ, ਸਤਿੰਦਰ ਕੌਰ ਚਾਵਲਾ ਤੇ ਸਤਿੰਦਰ ਕੌਰ ਜੱਗੀ, ਰਣਜੀਤ ਸਿੰਘ ਅਤੇ ਮਹਿੰਦਰ ਸਿੰਘ ਸੋਹਲ ਨੇ ਪਾਕਿਸਤਾਨ ਤੋਂ ਸਿੱਖ ਮਸਲਿਆਂ ਦੇ ਕੋਆਰਡੀਨੇਟਰ ਫਾਰੂਕ ਅਰਸ਼ਾਦ, ਖਾਲਿਦ, ਸ਼ਾਹਿਦ ਚੌਧਰੀ, ਮੁਹੰਮਦ ਅਲੀ ਅਤੇ ਅਹਿਸਾਨ ਖੋਖਰ ਸਮੇਤ ਪਹੁੰਚੇ ਡੈਲੀਗੇਟ ਦਾ ਸਵਾਗਤ ਕਰਦਿਆਂ ਪਾਕਿਸਤਾਨ ਦੌਰੇ ਦੌਰਾਨ ਮਿਲੇ ਪਿਆਰ, ਨੇੜਤਾ ਤੇ ਚੰਗੇ ਸੰਬੰਧ ਦਾ ਤਜ਼ਰਬਾ ਸਾਂਝਾ ਕੀਤਾ। ਸਿੱਖ ਮਸਲਿਆਂ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਫਾਰੂਕ ਅਰਸ਼ਦ ਨੇ ਆਪਣੇ ਭਾਸ਼ਣ ਵਿਚ ਪਾਕਿਸਤਾਨ ਦੇ ਲਹਿੰਦੇ ਤੇ ਚੜ੍ਹਦੇ ਪੰਜਾਬੀਆਂ ‘ਚ ਆਪਸੀ ਸੰਬੰਧ ਵਧਾਉਣ ਤੇ ਮੇਲ-ਮਿਲਾਪ ਲਈ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਲਾਹੇਵੰਦ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿ ਤੇ ਭਾਰਤ ਦੇ ਸੰਬੰਧ ਕਿਵੇਂ ਵੀ ਹੋਣ, ਪਰੰਤੂ ਸਿੱਖਾਂ ਨੂੰ ਗਲਵਕੜੀ ਪਾਉਣ ਲਈ ਹਮੇਸ਼ਾ ਤਿਆਰ ਹਾਂ। ਵੀਜ਼ੇ ਸੰਬੰਧੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਵੇਗੀ। ਬਾਬਾ ਨਾਨਕ ਦੇਵ ਯੂਨੀਵਰਸਿਟੀ ਨਨਕਾਣਾ ਸਾਹਿਬ ਸਥਾਪਤ ਕੀਤੀ ਜਾ ਰਹੀ ਹੈ, ਜਿੱਥੇ ਪੀ.ਐੱਚ.ਡੀ. ਵਰਗੀ ਡਿਗਰੀ ਵੀ ਸ਼ੁਰੂ ਕੀਤੀ ਜਾਵੇਗੀ। ਅਖੀਰ ਵਿਚ ਮਹਿੰਦਰ ਸਿੰਘ ਸੋਹਲ ਨੇ ਪਾਕਿਸਤਾਨੀ ਡੈਲੀਗੇਟ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਪ੍ਰਵਾਸੀ ਪੰਜਾਬੀ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰਨਗੇ।


Share