ਪਾਕਿਸਤਾਨ ‘ਚ ਸੈਨੇਟ ਦੇ ਚੇਅਰਮੈਨ ਦੀ ਲੜਾਈ ਹੁਣ ਹਾਈਕੋਰਟ ‘ਚ

392
Share

ਇਸਲਾਮਾਬਾਦ, 16 ਮਾਰਚ (ਪੰਜਾਬ ਮੇਲ)- ਪਾਕਿਸਤਾਨ ਵਿਚ ਸੈਨੇਟ ਦੇ ਚੇਅਰਮੈਨ ਦੀ ਲੜਾਈ ਹੁਣ ਹਾਈਕੋਰਟ ‘ਚ ਲੜੀ ਜਾਵੇਗੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਖ਼ਾਰਜ ਕੀਤੀਆਂ ਗਈਆਂ ਵੋਟਾਂ ਦੇ ਸਬੰਧ ਵਿਚ ਇਸਲਾਮਾਬਾਦ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ।

ਸੈਨੇਟ ਦੇ ਚੇਅਰਮੈਨ ਦੀ ਚੋਣ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਾਦਿਕ ਸੰਜਰਾਨੀ ਨੂੰ 48 ਵੋਟ ਮਿਲੇ ਸਨ ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ 42 ਵੋਟ ਮਿਲੇ ਸਨ। ਸੱਤ ਵੋਟ ਰੱਦ ਕਰ ਦਿੱਤੇ ਗਏ ਸਨ। ਇਹ ਸੱਤ ਵੋਟਾਂ ਚੋਣ ਅਧਿਕਾਰੀ ਸੱਯਦ ਮੁਜ਼ੱਫਰ ਹੁਸੈਨ ਸ਼ਾਹ ਨੇ ਇਹ ਕਾਰਨ ਦੱਸਦੇ ਹੋਏ ਰੱਦ ਕੀਤੇ ਸਨ ਕਿ ਮੋਹਰ ਉਮੀਦਵਾਰ ਦੇ ਨਾਂ ‘ਤੇ ਲਗਾਈ ਗਈ ਹੈ ਜਦਕਿ ਉਸ ਦੇ ਸਾਹਮਣੇ ਦੇ ਬਾਕਸ ਵਿਚ ਲਗਾਈ ਜਾਣੀ ਸੀ। ਇਸ ਸਬੰਧ ਵਿਚ ਪੀਪੀਪੀ ਨੇ ਪਟੀਸ਼ਨ ਤਿਆਰ ਕਰ ਕੇ ਉਸ ‘ਤੇ ਪਾਰਟੀ ਮੁਖੀ ਆਸਿਫ ਅਲੀ ਜ਼ਰਦਾਰੀ ਤੋਂ ਸਹਿਮਤੀ ਲੈ ਲਈ ਹੈ। ਪਟੀਸ਼ਨ ਦੇ ਸਬੰਧ ਵਿਚ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਹੋਰ ਨੇਤਾਵਾਂ ਮਰੀਅਮ ਨਵਾਜ਼, ਮੌਲਾਨਾ ਫਜ਼ਲੁਰ ਰਹਿਮਾਨ ਤੋਂ ਵੀ ਸਲਾਹ ਲਈ ਗਈ ਹੈ। ਸਾਰੇ ਨੇਤਾਵਾਂ ਦਾ ਦੋਸ਼ ਹੈ ਕਿ ਸੱਤ ਵੋਟ ਨਾਜਾਇਜ਼ ਤਰੀਕੇ ਨਾਲ ਖ਼ਾਰਜ ਕੀਤੇ ਗਏ ਹਨ।


Share