ਪਾਕਿਸਤਾਨ ‘ਚ ਭਾਰੀ ਮੀਂਹ ਕਾਰਣ 39 ਲੋਕਾਂ ਦੀ ਮੌਤ

259
Share

ਕਰਾਚੀ/ਪੇਸ਼ਾਵਰ, 28 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਮੂਸਲਾਧਾਰ ਮੀਂਹ ਤੇ ਹੜ੍ਹ ਕਾਰਣ 39 ਲੋਕਾਂ ਦੀ ਮੌਤ ਹੋ ਗਈ। ਕਰਾਚੀ ਵਿਚ ਭਾਰੀ ਮੀਂਹ ਪਿਆ ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ, ਵਪਾਰਕ ਗਤੀਵਿਧੀਆਂ ਵਿਚ ਰੁਕਾਵਟ ਪੈਦਾ ਹਈ ਤੇ ਆਮ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ।

ਸੂਬਾਈ ਆਪਦਾ ਪ੍ਰਬੰਧਨ ਅਥਾਰਟੀ (ਪੀ.ਡੀ.ਐੱਮ.ਏ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਮੂਸਲਾਧਾਰ ਮੀਂਹ ਤੋਂ ਬਾਅਦ ਆਏ ਹੜ੍ਹ ਵਿਚ ਦੋ ਬੱਤਿਆਂ ਤੇ ਇਕ ਜਨਾਨੀ ਸਣੇ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਆਏ ਹੜ੍ਹ ਕਾਰਣ ਸੂਬੇ ਦੇ ਉਪਰੀ ਕੋਹਿਸਤਾਨ ਜ਼ਿਲੇ ਵਿਚ 8 ਲੋਕਾਂ ਦੀ, ਸਵਾਤ ਵਿਚ 6 ਤੇ ਸ਼ਾਂਗਲਾ ਜ਼ਿਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਖੇਤਰਾਂ ਵਿਚ 40 ਮਕਾਨ ਨੁਕਸਾਨੇ ਗਏ ਹਨ। ਪੀ.ਡੀ.ਐੱਮ.ਏ. ਦੇ ਡਾਇਰੈਕਟਰ ਜਨਰਲ ਪਰਵੇਜ਼ ਖਾਨ ਤੇ ਰਾਹਤ ਕਾਰਜ ਸਕੱਤਰ ਪ੍ਰਭਾਵਿਤ ਖੇਤਰਾਂ ਵਿਚ ਬਚਾਅ ਕਾਰਜਾਂ ਨੂੰ ਦੇਖਣ ਦੇ ਲਈ ਪਹੁੰਚੇ। ਖਾਨ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਕੇ.ਪੀ. ਮਹਿਮੂਦ ਖਾਨ ਨੇ ਜਾਨਮਾਲ ਦੇ ਨੁਕਸਾਨ ‘ਤੇ ਚਿੰਤਾ ਵਿਅਕਤ ਕੀਤੀ ਹੈ। ਮੁੱਖ ਮੰਤਰੀ ਸਵਾਤ ਖੇਤਰ ਤੋਂ ਹਨ।

ਕਰਾਚੀ ਵਿਚ ਭਾਰੀ ਮੀਂਹ ਦੇ ਕਾਰਣ 23 ਲੋਕਾਂ ਦੀ ਮੌਤ ਹੋ ਗਈ ਹੈ। ਡਾਨ ਦੀ ਖਬਰ ਮੁਤਾਬਕ ਸਿੰਧ ਸਰਕਾਰ ਨੇ ਸ਼ੁੱਕਰਵਾਰ ਨੂੰ ਜਨਤਕ ਛੁੱਟੀ ਐਲਾਨ ਕੀਤੀ ਹੋਈ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਾਚੀ ਦੇ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਵੀਰਵਾਰ ਨੂੰ ਟਵੀਟ ਕੀਤਾ ਸੀ ਕਿ ਭਾਰੀ ਮੀਂਹ ਦੇ ਮੱਦੇਨਜ਼ਰ ਸਾਡੇ ਲੋਕਾਂ ਦੇ ਦਰਦ ਨਾਲ ਸਾਡੀ ਸਰਕਾਰ ਪੂਰੀ ਤਰ੍ਹਾਂ ਨਾਲ ਜਾਣੂ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਕਰਾਚੀ ਵਿਚ ਵੀਰਵਾਰ ਨੂੰ ਮੀਂਹ ਸਬੰਧੀ ਵੱਖ-ਵੱਖ ਘਟਨਾਵਾਂ ਵਿਚ 12 ਲੋਕਾਂ ਦੀ ਮੌਤ ਹੋਈ ਹੈ।


Share