ਪਾਕਿਸਤਾਨ ’ਚ ਭਾਰੀ ਬਰਫ਼ਬਾਰੀ ਕਾਰਨ ਵਾਹਨਾਂ ’ਚ ਫਸੇ ਘੱਟ ਤੋਂ ਘੱਟ 16 ਲੋਕਾਂ ਦੀ ਮੌਤ

703
Share

ਇਸਲਾਮਾਬਾਦ, 8 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਪਹਾੜੀ ਰਿਜ਼ੋਰਟ ਸ਼ਹਿਰ ਮੁਰੀ ਵਿਚ ਰਾਤ ਭਰ ਹੋਈ ਭਾਰੀ ਬਰਫ਼ਬਾਰੀ ਕਾਰਨ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ (17.6 ਫਾਰੇਨਹਾਈਟ) ’ਤੇ ਆ ਗਿਆ, ਜਿਸ ਕਾਰਨ ਵਾਹਨਾਂ ਵਿਚ ਫਸੇ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਦੇ ਇਕ ਪੁਲਿਸ ਅਧਿਕਾਰੀ ਅਤੀਕ ਅਹਿਮਦ ਨੇ ਕਿਹਾ ਕਿ ਮਿ੍ਰਤਕ 16 ਵਿਚੋਂ 8 ਲੋਕ ਇਸਲਾਮਾਬਾਦ ਪੁਲਿਸ ਦੇ ਅਧਿਕਾਰੀ ਨਵੀਦ ਇਕਬਾਲ ਦੇ ਪਰਿਵਾਰ ਵਿਚੋਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ 16 ਲੋਕਾਂ ਦੀ ਮੌਤ ਹਾਈਪੋਥਰਮੀਆ ਕਾਰਨ ਹੋਈ।
ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਹਜ਼ਾਰਾਂ ਵਾਹਨਾਂ ਨੂੰ ਬਰਫ਼ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਪਰ 1 ਹਜ਼ਾਰ ਤੋਂ ਵੱਧ ਵਾਹਨ ਸ਼ਨੀਵਾਰ ਨੂੰ ਵੀ ਖੇਤਰ ’ਚ ਫਸੇ ਹੋਏ ਸਨ। ਇਸਲਾਮਾਬਾਦ ਦੀ ਰਾਜਧਾਨੀ ਦੇ ਉਤਰ ਵਿਚ 28 ਮੀਲ (45.5 ਕਿਲੋਮੀਟਰ) ਦੀ ਦੂਰੀ ’ਤੇ ਸਥਿਤ ਮੁਰੀ ਇਕ ਪ੍ਰਸਿੱਧ ਸਰਦੀਆਂ ਦਾ ਰਿਜ਼ੋਰਟ ਹੈ, ਜੋ ਸਾਲਾਨਾ 10 ਲੱਖ ਤੋਂ ਜ਼ਿਆਦਾ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਸਰਦੀਆਂ ਵਿਚ ਸ਼ਹਿਰ ਵੱਲ ਜਾਣ ਵਾਲੀਆਂ ਸੜਕਾਂ ਬਰਫ਼ ਕਾਰਨ ਬੰਦ ਹੋ ਜਾਂਦੀਆਂ ਹਨ। ਮੰਤਰੀ ਅਹਿਮਦ ਨੇ ਕਿਹਾ ਕਿ ਇਲਾਕੇ ਵਿਚ ਰਾਤ ਭਰ 4 ਫੁੱਟ (1.2 ਮੀਟਰ) ਤੋਂ ਜ਼ਿਆਦਾ ਬਰਫ਼ ਡਿੱਗੀ ਅਤੇ ਸ਼ਨੀਵਾਰ ਨੂੰ ਆਉਣ ਵਾਲੀ ਸਾਰੀ ਆਵਾਜਾਈ ਨੂੰ ਰੋਕ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਨੀਮ ਫ਼ੌਜੀ ਦਸਤਿਆਂ ਅਤੇ ਇਕ ਵਿਸ਼ੇਸ਼ ਪਹਾੜੀ ਯੂਨਿਟ ਨੂੰ ਮਦਦ ਲਈ ਸੱਦਿਆ ਗਿਆ ਸੀ।
ਉਨ੍ਹਾਂ ਅੱਗੇ ਕਿਹਾ, ‘ਐਮਰਜੈਂਸੀ ਅਤੇ ਬਚਾਅ ਵਾਹਨਾਂ ਅਤੇ ਫਸੇ ਹੋਏ ਲੋਕਾਂ ਲਈ ਭੋਜਨ ਲਿਆਉਣ ਵਾਲਿਆਂ ਨੂੰ ਛੱਡ ਕੇ ਹੋਰ ਕਿਸੇ ਵੀ ਵਾਹਨ ਜਾਂ ਪੈਦਲ ਲੋਕਾਂ ਨੂੰ ਮੁਰੀ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੈ। ਇਕ ਸਥਾਨਕ ਪ੍ਰਸ਼ਾਸਕ ਉਮਰ ਮਕਬੂਲ ਨੇ ਕਿਹਾ ਕਿ ਭਾਰੀ ਬਰਫ਼ਬਾਰੀ ਨੇ ਰਾਤ ਨੂੰ ਬਚਾਅ ਕੰਮਾਂ ਵਿਚ ਰੁਕਾਵਟ ਪਾਈ ਅਤੇ ਬਰਫ਼ ਹਟਾਉਣ ਲਈ ਲਿਆਂਦੇ ਗਏ ਭਾਰੀ ਉਪਕਰਨ ਵੀ ਸ਼ੁਰੂ ਵਿਚ ਬਰਫ਼ ਵਿਚ ਫਸ ਗਏ ਸਨ। ਅਧਿਕਾਰੀਆਂ ਨੇ ਆਪਣੇ ਫਸੇ ਵਾਹਨਾਂ ਵਿਚ ਮਰਨ ਵਾਲੇ ਲੋਕਾਂ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ ਪਰ ਕਿਹਾ ਕਿ ਉਹ ਰਿਕਵਰੀ ਅਤੇ ਬਚਾਅ ਕੰਮ ਦੋਵਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਸੇ ਸੈਲਾਨੀਆਂ ਨੂੰ ਭੋਜਨ ਅਤੇ ਕੰਬਲ ਵੰਡੇ ਗਏ ਹਨ।

Share