ਪਾਕਿਸਤਾਨ ਕਰੋਨਾ ਟੀਕਿਆਂ ਦੀਆਂ ਚੀਨ ਤੋਂ 70 ਲੱਖ ਖੁਰਾਕਾਂ ਖਰੀਦਣ ਦੀ ਬਣਾ ਰਿਹੈ ਯੋਜਨਾ

135
Share

ਇਸਲਾਮਾਬਾਦ, 1 ਅਪ੍ਰੈਲ (ਪੰਜਾਬ ਮੇਲ)-ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਚੀਨ ਤੋਂ ਕੋਵਿਡ ਟੀਕਿਆਂ ਦੀਆਂ 70 ਲੱਖ ਖੁਰਾਕਾਂ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨ ਨੇ ਇਹ ਐਲਾਨ ਦੇਸ਼ ਵਿਚ ਕੋਰੋਨਾ ਵਾਇਰਸ ਸੰਬੰਧੀ ਇਨਫੈਕਸ਼ਨ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਣ ਦੌਰਾਨ ਕੀਤੀ ਹੈ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਕਿਹਾ ਸੀ ਤੁਰੰਤ ਟੀਕੇ ਖਰੀਦਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਹ ਕੋਵਿਡ-19 ਚੁਣੌਤੀਆਂ ਦਾ ਮੁਕਾਬਲਾ ਸਮੂਹਿਕ ਪ੍ਰਤੀਰੋਧੀ ਸਮਰੱਥਾ ਅਤੇ ਚੀਨ ਜਿਹੇ ਦੋਸਤ ਦੇਸ਼ਾਂ ਤੋਂ ਦਾਨ ਵਿਚ ਮਿਲਣ ਵਾਲੇ ਟੀਕਿਆਂ ਜ਼ਰੀਏ ਕਰੇਗਾ।
ਯੋਜਨਾ ਮੰਤਰੀ ਅਸਦ ਉਮਰ ਨੇ ਵੀਰਵਾਰ ਨੂੰ ਕਿਹਾ ਕਿ ਟੀਕਿਆਂ ਦੀ ਪਹਿਲੀ ਖੇਪ ਇਸ ਮਹੀਨੇ ਦੇ ਅਖੀਰ ਤੱਕ ਪਾਕਿਸਤਾਨ ’ਚ ਆ ਜਾਵੇਗੀ। ਉਨ੍ਹਾਂ ਨੇ ਕਿਹਾ, ‘‘ਅਸੀਂ ਚੀਨ ਤੋਂ ਸਿਨੋਫਾਰਮਾ ਅਤੇ ਕੈਨਸਿਨੋ ਟੀਕਿਆਂ ਦੀ ਖਰੀਦ ਦੀ ਪ੍ਰਕਿਰਿਆ ਵਿਚ ਹਾਂ। ਇਸ ਮਹੀਨੇ ਦੇ ਅਖੀਰ ਤੱਕ ਸਿਨੋਫਾਰਮ ਟੀਕੇ ਦੀਆਂ 10 ਲੱਖ ਖੁਰਾਕਾਂ ਸਮੇਤ ਟੀਕਿਆਂ ਦੀ ਦੋ ਖੇਪ ਪਾਕਿਸਤਾਨ ਪਹੁੰਚ ਜਾਵੇਗੀ।’’ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਅਗਲੇ ਮਹੀਨੇ ਤੋਂ 50 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਟੀਕਾਕਰਨ ਮੁਹਿੰਮ ਦੇ ਦਾਇਰੇ ਵਿਚ ਲਿਆਉਣ ਦੀ ਹੈ। ਇਸ ਤੋਂ ਪਹਿਲਾਂ ਟੀਕਾ ਸਿਰਫ ਸਿਹਤ ਕਾਰਕੁਨਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 2 ਫਰਵਰੀ ਨੂੰ ਹੋਈ ਸੀ।

Share