ਪਾਕਿਸਤਾਨੀ ਫ਼ੌਜ ‘ਚ ਬਗਾਵਤ ਪੈਦਾ ਕਰਨ ਦੀ ਕੋਸ਼ਿਸ਼

472
Share

-ਇਮਰਾਨ ਵੱਲੋਂ ਨਵਾਜ਼ ਸ਼ਰੀਫ ‘ਤੇ ਫ਼ੌਜ ਦੀ ਉਨ੍ਹਾਂ ਖ਼ਿਲਾਫ਼ ਵਰਤੋਂ ਦੇ ਦੋਸ਼
ਇਸਲਾਮਾਬਾਦ, 16 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਫ਼ੌਜ, ਜਿਸ ਨੇ 7 ਦਹਾਕਿਆਂ ਤੱਕ ਦੇਸ਼ ‘ਤੇ ਰਾਜ ਕੀਤਾ ਹੈ, ਹੁਣ ਉਹ ਵਿਰੋਧੀਆਂ ਪਾਰਟੀਆਂ ਦੇ ਗਠਜੋੜ ‘ਤੇ ਤਿੱਖੇ ਹਮਲੇ ਕਰ ਰਹੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਆਪਣੀ ਪਿੱਚ ਤਿਆਰ ਕਰ ਰਹੀਆਂ ਹਨ। ਪਾਕਿਸਤਾਨੀ ਫ਼ੌਜ ‘ਚ ਬਗਾਵਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਨਵਾਜ਼ ਫ਼ੌਜ ਦੀ ਉਨ੍ਹਾਂ ਖ਼ਿਲਾਫ਼ ਵਰਤੋਂ ਕਰ ਰਹੇ ਹਨ।  20 ਸਤੰਬਰ ਨੂੰ 11 ਮੁੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਗਠਨ ਦਾ ਐਲਾਨ ਕੀਤਾ ਸੀ, ਜਿਸ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਰੁੱਧ ਅੰਦੋਲਨ ਸ਼ੁਰੂ ਕਰਨ, ਲੋਕਾਂ ਦੀ ਭੀੜ ਇਕੱਠੀ ਕਰਨ, ਵਿਰੋਧ ਪ੍ਰਦਰਸ਼ਨ ਕਰਨ ਅਤੇ ਰੈਲੀ ਕਰਨ ਵਰਗੀਆਂ ਮੁੱਖ ਗੱਲਾਂ ਸ਼ਾਮਲ ਹਨ।
ਸਾਲ 2018 ‘ਚ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਿਯੁਕਤ ਕੀਤੇ ਗਏ ਸਨ। ਇਮਰਾਨ ਖਾਨ ‘ਤੇ ਹਮੇਸ਼ਾ ਇਹ ਦੋਸ਼ ਲੱਗਦਾ ਰਿਹਾ ਹੈ ਕਿ ਉਨ੍ਹਾਂ ਨੂੰ ਫ਼ੌਜ ਨੇ ਕੁਰਸੀ ‘ਤੇ ਬਿਠਾਇਆ ਹੈ। ਪਿਛਲੇ 2 ਸਾਲਾਂ ‘ਚ ਬਿਲਾਵਲ ਆਪਣੇ ਭਾਸ਼ਣਾਂ ‘ਚ ਇਹ ਗੱਲ ਕਈ ਵਾਰ ਦੋਹਰਾ ਚੁੱਕੇ ਹਨ। ਵਿਰੋਧੀ ਧਿਰ ਇਕਜੁੱਟ ਹੋ ਕੇ ਇਮਰਾਨ ਖਾਨ ਦੀ ਸਰਕਾਰ ਨੂੰ ਤਖ਼ਤ ਤੋਂ ਹੇਠਾਂ ਸੁੱਟਣਾ ਚਾਹੁੰਦੀ ਹੈ। ਨਵਾਜ਼ ਸ਼ਰੀਫ ਨੇ ਪਿਛਲੇ ਮਹੀਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਫ਼ੌਜ ਮੁਖੀ ‘ਤੇ ਨਿਆਂਪਾਲਿਕਾ ‘ਤੇ ਦਬਾਅ ਬਣਾਉਣ ਅਤੇ 2018 ਦੀਆਂ ਚੋਣਾਂ ‘ਚ ਮੌਜੂਦਾ ਇਮਰਾਨ ਖਾਨ ਸਰਕਾਰ ਨੂੰ ਸਥਾਪਤ ਕਰਨ ਦਾ ਦੋਸ਼ ਲਾਇਆ ਸੀ।
ਸ਼ਰੀਫ ਨੇ ਇਹ ਦੋਸ਼ ਲੰਡਨ ਤੋਂ ਵੀਡੀਓ ਲਿੰਕ ਰਾਹੀਂ ਵਿਰੋਧੀ ਪਾਰਟੀਆਂ ਵੱਲੋਂ ਆਯੋਜਿਤ ਹਜ਼ਾਰਾਂ ਲੋਕਾਂ ਦੀ ਇਕ ਸਭਾ ‘ਚ ਲਾਇਆ ਸੀ। ਸ਼ਰੀਫ ਨੇ ਇਸ ਸਭਾ ‘ਚ ਕਿਹਾ ਸੀ, ‘ਜਨਰਲ ਕਮਰ ਬਾਜਵਾ ਤੁਸੀਂ ਸਾਡੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ, ਜੋ ਚੰਗੀ ਤਰ੍ਹਾਂ ਕੰਮ ਕਰ ਰਹੀ ਸੀ ਅਤੇ ਦੇਸ਼ ਤੇ ਰਾਸ਼ਟਰ ਨੂੰ ਆਪਣੀ ਇੱਛਾ ਅਨੁਸਾਰ ਬਦਲ ਦਿੱਤਾ।’ 2018 ਦੀਆਂ ਚੋਣਾਂ ਤੋਂ ਬਾਅਦ ਹੋਈ ਇਹ ਸਭ ਤੋਂ ਵੱਡੀ ਸਭਾ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਮੁਖੀ ‘ਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਲਾਇਆ ਸੀ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ 3 ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਅਤੇ ਜਵਾਈ ਮੁਹੰਮਦ ਸਫਦਰ ਨੂੰ 6 ਜੁਲਾਈ, 2018 ਨੂੰ ਏਵਨਫੀਲਡ ਜਾਇਦਾਦ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ਰੀਫ ਨੂੰ 2017 ‘ਚ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਦਸੰਬਰ 2018 ‘ਚ ਉਨ੍ਹਾਂ ਨੂੰ ਅਲ ਅਜੀਜੀਆ ਇਸਪਾਤ ਮਿੱਲ ਮਾਮਲੇ ‘ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਉਨ੍ਹਾਂ ਨੂੰ ਦੋਵਾਂ ਹੀ ਮਾਮਲਿਆਂ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਨੂੰ ਇਲਾਜ ਲਈ ਲੰਡਨ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਸੀ।


Share