ਪਾਕਿਸਤਾਨੀ ਸੰਸਦ ’ਚ ਹੰਗਾਮਾ, 7 ਐੱਮ.ਪੀ. ਹਾਊਸ ’ਚੋਂ ਮੁਅੱਤਲ

146
Share

ਇਕ ਟਵੀਟ ਰਾਹੀਂ ਸਪੀਕਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੇ ਭਾਸ਼ਣ ਦੌਰਾਨ ਜਿਨ੍ਹਾਂ ਮੈਂਬਰਾਂ ਨੇ ਹਾਊਸ ਦੀ ਕਾਰਵਾਈ ’ਚ ਵਿਘਨ ਪਾਇਆ ਹੈ, ’ਤੇ ਹਾਊਸ ਵਿਚ ਦਾਖ਼ਲ ਹੋਣ ਸਬੰਧੀ ਪਾਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਉਕਤ ਸੰਸਦ ਮੈਂਬਰਾਂ ਦੇ ਰਵੱਈਏ ਨੂੰ ਬੇਲੋੜਾ ਕਰਾਰ ਦਿੱਤਾ ਅਤੇ ਕਿਹਾ ਕਿ ਮੈਂਬਰਾਂ ਨੇ ਹਾਊਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਕਈ ਵਾਰ ਨਿਯਮਾਂ ਦੀ ਉਲੰਘਣਾ ਨਾ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਹੁਕਮਾਂ ਦੀ ਕੋਈ ਪਾਲਣਾ ਨਹੀਂ ਕੀਤੀ।

ਮੁਅੱਤਲ ਕੀਤੇ ਗਏ ਮੈਂਬਰਾਂ ’ਚ ਅਲੀ ਗੌਹਰ ਖਾਨ, ਚੌਧਰੀ ਹਾਮਿਦ ਹਮੀਦ, ਸ਼ੇਖ ਰੋਹਾਲੇ ਅਸਗਰ, ਫਹੀਨ ਖਾਨ, ਅਬਦੁੱਲ ਮਜ਼ੀਦ ਖਾਨ, ਅਲੀ ਨਿਵਾਜ ਅਤੇ ਸਈਦ ਆਘਾ ਰਫੀਉੱਲਾ ਸ਼ਾਮਲ ਹਨ। ਕੌਮੀ ਅਸੈਂਬਲੀ ਦੇ ਸਕੱਤਰੇਤ ਨੇ ਕਿਹਾ ਕਿ ਇਹ ਪਾਬੰਦੀਆਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੀਆਂ। ਸੁਰੱਖਿਆ ਨੂੰ ਲੈ ਕੇ ਦਿਸਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਪੂਰੇ ਦੇਸ਼ ਨੇ ਟੀ. ਵੀ. ਦੀ ਸਕ੍ਰੀਨ ’ਤੇ ਵੇਖਿਆ ਕਿ ਕਿਵੇਂ ਸੱਤਾਧਾਰੀ ਪਾਰਟੀ ਨੇ ਗੁੰਡਾਗਰਦੀ ਕੀਤੀ ਹੈ ਅਤੇ ਸ਼ਰ੍ਹੇਆਮ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੈਤਿਕ ਪੱਖੋਂ ਕਿੰਨੀ ਡਿੱਗੀ ਹੋਈ ਹੈ। ਦੱਸਣਯੋਗ ਹੈ ਕਿ ਸੰਸਦ ’ਚ ਹੰਗਾਮੇ ਦੌਰਾਨ ਸੰਸਦ ਮੈਂਬਰ ਇਕ-ਦੂਜੇ ’ਤੇ ਵੱਖ-ਵੱਖ ਵਸਤਾਂ ਉਠਾ ਕੇ ਸੁੱਟ ਰਹੇ ਸਨ। ਇਸ ਕਾਰਨ ਇਕ ਮਹਿਲਾ ਐੱਮ. ਪੀ. ਜ਼ਖ਼ਮੀ ਹੋ ਗਈ।


Share