ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਆਰਮੀ ਪਬਲਿਕ ਸਕੂਲ ਕਤਲੇਆਮ ਮਾਮਲੇ ’ਚ ਇਮਰਾਨ ਖਾਨ ਤੋਂ ਪੁੱਛਗਿਛ

560
Share

ਇਸਲਾਮਾਬਾਦ, 11 ਨਵੰਬਰ (ਪੰਜਾਬ ਮੇਲ)- ਫੌਜ ਵੱਲੋਂ ਚਲਾਏ ਜਾਂਦੇ ਇਕ ਸਕੂਲ ’ਤੇ 2014 ਅੱਤਵਾਦੀ ਹਮਲੇ ਨਾਲ ਸਬੰਧਤ ਮਾਮਲੇ ’ਚ ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਬੁੱਧਵਾਰ ਨੂੰ ਪੁੱਛਗਿਛ ਕੀਤੀ। ਅਦਾਲਤ ਦੀ ਇਕ ਬੈਂਚ ਨੇ ਸਵਾਲ ਕੀਤਾ ਕਿ ਉਹ ਕਰੀਬ 150 ਵਿਅਕਤੀਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨਾਲ ਗੱਲਬਾਤ ਕਿਉਂ ਕਰ ਰਹੇ ਹਨ। ਮਿ੍ਰਤਕਾਂ ਵਿਚ ਵਧੇਰੇ ਬੱਚੇ ਸਨ। ਅਦਾਲਤ ਨੇ ਸਰਕਾਰ ਨੂੰ ਇਸ ਹਮਲੇ ’ਚ ਸੁਰੱਖਿਆ ਨਾਕਾਮੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਕਾਬਿਲੇਗੌਰ ਹੈ ਕਿ 16 ਦਸੰਬਰ 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੇ ਪੇਸ਼ਾਵਰ ’ਚ ਆਰਮੀ ਪਬਲਿਕ ਸਕੂਲ ’ਤੇ ਹਮਲਾ ਕਰਕੇ 147 ਲੋਕਾਂ ਨੂੰ ਮਾਰ ਮੁਕਾਇਆ ਸੀ। ਮਿ੍ਰਤਕਾਂ ਵਿਚ 132 ਬੱਚੇ ਸਨ। ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਮਰਾਨ ਨੂੰ ਤਲਬ ਕੀਤਾ ਸੀ। ਬੈਂਚ ਵਿਚ ਜਸਟਿਸ ਕਾਜੀ ਮੁਹੰਮਦ ਅਮੀਨ ਅਹਿਮਦ ਅਤੇ ਜਸਟਿਸ ਇਜਾਜੁਲ ਅਹਿਸਨ ਵੀ ਸ਼ਾਮਲ ਹਨ। ਇਸ ਹਮਲੇ ਦੀ ਜਾਂਚ ਇਕ ਵਿਸ਼ੇਸ਼ ਕਮਿਸ਼ਨ ਨੇ ਕੀਤੀ ਸੀ।

Share