ਪਾਕਿਸਤਾਨੀ ਪ੍ਰੇਮੀ ਕੋਲ ਜਾਣ ਲਈ ਡੇਰਾ ਨਾਨਕ ਪੁੱਜੀ ਵਿਆਹੁਤਾ ਔਰਤ ਕਾਬੂ

283
Share

* ਉੜੀਸਾ ਵਾਸੀ ਔਰਤ ਘਰੋਂ 25 ਤੋਲੇ ਸੋਨਾ ਤੇ 60 ਗ੍ਰਾਮ ਚਾਂਦੀ ਲੈ ਕੇ ਹੋਈ ਸੀ ਫ਼ਰਾਰ
ਡੇਰਾ ਬਾਬਾ ਨਾਨਕ, 8 ਅਪ੍ਰੈਲ (ਪੰਜਾਬ ਮੇਲ)-ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਆਪਣੇ ਪਾਕਿਸਤਾਨੀ ਪ੍ਰੇਮੀ ਕੋਲ ਜਾਣ ਲਈ ਡੇਰਾ ਬਾਬਾ ਨਾਨਕ ਪੁੱਜੀ ਉੜੀਸਾ ਦੀ ਇਕ ਵਿਆਹੁਤਾ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਵਿਆਹੁਤਾ ਦੀ ਪੰਜ ਸਾਲਾਂ ਦੀ ਬੱਚੀ ਹੈ ਤੇ ਉਹ ਘਰੋਂ 25 ਤੋਲੇ ਸੋਨਾ ਤੇ 60 ਗ੍ਰਾਮ ਚਾਂਦੀ ਦੇ ਗਹਿਣੇ ਵੀ ਲੈ ਕੇ ਆਈ ਸੀ।
ਡੇਰਾ ਬਾਬਾ ਨਾਨਕ ਦੇ ਡੀ.ਐੱਸ. ਪੀ. ਕੰਵਲਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੇਰਾ ਬਾਬਾ ਨਾਨਕ ’ਚ ਸ਼ੱਕੀ ਹਾਲਤ ਵਿਚ ਘੁੰਮ ਰਹੀ ਹਿਮਾਦਰੀ ਤਾਨੀਆ ਤਿ੍ਰਪਾਠੀ ਪਤਨੀ ਰਜਨੀ ਕਾਂਤਾ ਤਿ੍ਰਪਾਠੀ ਪਿੰਡ ਮਾਝੀਕਲੀ (ਉੜੀਸਾ) ਬਾਰੇ ਜਦੋਂ ਸਥਾਨਕ ਥਾਣਾ ਮੁਖੀ ਅਨਿਲ ਪਵਾਰ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮਹਿਲਾ ਪੁਲਿਸ ਦੀ ਮਦਦ ਨਾਲ ਉਸ ਨੂੰ ਥਾਣੇ ਲਿਆ ਕੇ ਪੁੱਛ-ਪੜਤਾਲ ਕੀਤੀ। ਇਸ ਦੌਰਾਨ ਹਿਮਾਦਰੀ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਪਾਕਿਸਤਾਨੀ ਪ੍ਰੇਮੀ ਦੇ ਬੁਲਾਉਣ ’ਤੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲਈ ਘਰੋਂ ਭੱਜ ਕੇ ਆਈ ਹੈ। ਉਸ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੀ ਇਸਲਾਮਾਬਾਦ ਦੇ ਰਹਿਣ ਵਾਲੇ ਲੜਕੇ ਮੁਹੰਮਦ ਵੱਕਾਰ ਨਾਲ ਆਨਲਾਈਨ ਐਪ ਰਾਹੀਂ ਦੋਸਤੀ ਹੋਈ ਸੀ। ਪੁਲਿਸ ਮੁਤਾਬਕ ਹਿਮਾਦਰੀ ਨੂੰ ਮੁਹੰਮਦ ਵੱਕਾਰ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਆਉਣ ਲਈ ਕਿਹਾ, ਜਿਸ ’ਤੇ ਸਹਿਮਤ ਹੋਣ ਮਗਰੋਂ ਉਹ ਹਵਾਈ ਜਹਾਜ਼ ਰਾਹੀਂ ਉੜੀਸਾ ਤੋਂ ਦਿੱਲੀ ਅਤੇ ਦਿੱਲੀ ਤੋਂ ਬੱਸ ਰਾਹੀਂ ਅੰਮਿ੍ਰਤਸਰ ਪੁੱਜੀ ਅਤੇ 5 ਅਪ੍ਰੈਲ ਨੂੰ ਅੰਮਿ੍ਰਤਸਰ ਦਰਬਾਰ ਸਾਹਿਬ ਰਾਤ ਰੁਕਣ ਮਗਰੋਂ ਅਗਲੀ ਸਵੇਰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ।
ਡੀ.ਐੱਸ.ਪੀ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਆਉਣ ਮਗਰੋਂ ਹਿਮਾਦਰੀ ਪਾਕਿਸਤਾਨ ਜਾਣ ਲਈ ਰਿਕਸ਼ੇ ਰਾਹੀਂ ਕਰਤਾਰਪੁਰ ਲਾਂਘੇ ’ਤੇ ਪੁੱਜੀ, ਜਿੱਥੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਅਨਿਲ ਪਵਾਰ ਨੇ ਹਿਮਾਦਰੀ ਦੇ ਉੜੀਸਾ ਰਹਿੰਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਹ ਕਰੀਬ ਦੋ ਮਹੀਨੇ ਪਹਿਲਾਂ ਆਪਣਾ ਸਹੁਰਾ ਘਰ ਛੱਡ ਕੇ ਪੇਕੇ ਘਰ ਆ ਕੇ ਰਹਿ ਰਹੀ ਸੀ ਅਤੇ ਉਸ ਦੇ ਪੇਕਾ ਪਰਿਵਾਰ ਨੇ ਵੀ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਥਾਣੇ ’ਚ ਦਿੱਤੀ ਹੋਈ ਸੀ। ਡੇਰਾ ਬਾਬਾ ਨਾਨਕ ਪੁਲਿਸ ਨੇ ਹਿਮਾਦਰੀ ਦੇ ਪਤੀ ਤੇ ਪਿਤਾ ਨੂੰ ਥਾਣੇ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

Share