ਪਾਕਿਸਤਾਨੀ ਅੱਤਵਾਦੀ ਵਿਰੋਧੀ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਅੰਤਿ੍ਰਮ ਜ਼ਮਾਨਤ

134
ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਪੁਲਿਸ, ਨਿਆਂ ਪ੍ਰਣਾਲੀ ਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਹੇਠ ਦਰਜ ਹੋਇਆ ਸੀ ਕੇਸ
ਇਸਲਾਮਾਬਾਦ, 27 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਖ਼ਿਲਾਫ਼ ਦਰਜ ਹੋਏ ਅੱਤਵਾਦ ਦੇ ਇਕ ਕੇਸ ਵਿਚ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਹੈ। ਇਮਰਾਨ ਖਾਨ ਖ਼ਿਲਾਫ ਇਹ ਕੇਸ ਪਿਛਲੇ ਹਫ਼ਤੇ ਇੱਥੇ ਇਕ ਰੈਲੀ ਦੌਰਾਨ ਪੁਲਿਸ, ਨਿਆਂ ਪ੍ਰਣਾਲੀ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਧਮਕਾਉਣ ਦੇ ਦੋਸ਼ ਹੇਠ ਦਰਜ ਕੀਤਾ ਗਿਆ ਸੀ।
ਇੱਥੇ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਰਾਜਾ ਜਵਾਦ ਹਸਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ’ਤੇ ਪਹਿਲੀ ਸਤੰਬਰ ਤੱਕ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਜ਼ਮਾਨਤ ਸਬੰਧੀ ਅਰਜ਼ੀ ਅਦਾਲਤ ਵਿਚ ਦਾਇਰ ਕੀਤੀ ਗਈ। ਪਟੀਸ਼ਨਰ ਦਾ ਕਹਿਣਾ ਸੀ ਕਿ ਉਨ੍ਹਾਂ ਖ਼ਿਲਾਫ਼ ਅੱਤਵਾਦ ਦਾ ਦਰਜ ਕੀਤਾ ਗਿਆ ਕੇਸ ਪੁਲਿਸ ਦੀ ‘ਬਦਲੇ ਦੀ ਕਾਰਵਾਈ’ ਹੈ।