ਪਾਕਿਤਸਾਨੀ ਗ੍ਰਹਿ ਮੰਤਰਾਲੇ ਨੇ ਸਿੱਖ ਹਕੀਮ ਦੀ ਹੱਤਿਆ ਦੇ ਸਬੰਧ ’ਚ ਖੈਬਰ ਪਖਤੂਨਖਵਾ ਦੀ ਸਰਕਾਰ ਤੋਂ ਰਿਪੋਰਟ ਮੰਗੀ

602
Share

ਪੇਸ਼ਾਵਰ, 2 ਅਕਤੂਬਰ (ਪੰਜਾਬ ਮੇਲ)- ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪੇਸ਼ਾਵਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੀ ਹੱਤਿਆ ਦੇ ਸਬੰਧ ਵਿਚ ਖੈਬਰ ਪਖਤੂਨਖ਼ਵਾ ਪ੍ਰਾਂਤ ਦੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ। ਪੁਲਿਸ ਅਨੁਸਾਰ ਯੂਨਾਨੀ ਦਵਾਈਆਂ ਦੇਣ ਵਾਲਾ ਹਕੀਮ ਸਰਦਾਰ ਸਤਿਨਾਮ ਸਿੰਘ (ਖਾਲਸਾ) (45) ਵੀਰਵਾਰ ਨੂੰ ਆਪਣੇ ਕਲੀਨਿਕ ’ਚ ਬੈਠਾ ਸੀ ਤਾਂ ਇਸ ਦੌਰਾਨ ਕੁਝ ਬੰਦੂਕਧਾਰੀ ਆਏ ਅਤੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਹਕੀਮ ਸਤਿਨਾਮ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਹਮਲਾਵਰ ਚਾਰ ਗੋਲੀਆਂ ਚਲਾਉਣ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਕ ਅਧਿਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਨੇ ਇਸ ਹੱਤਿਆ ਦੇ ਸਬੰਧ ’ਚ ਖੈਬਰ ਪਖਤੂਨਖਵਾ ਦੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਇਕ ਮੁੱਢਲੀ ਜਾਂਚ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ, ਜਦਕਿ ਪੁਲਿਸ ਨੇ ਜਾਂਚ ਦਾ ਦਾਇਰਾ ਹੋਰ ਵਧਾ ਦਿੱਤਾ ਹੈ। ਪ੍ਰਾਂਤ ਦੀ ਪੁਲਿਸ ਦੇ ਮੁਖੀ ਮਾਓਜ਼ਮ ਜਾਹ ਅੰਸਾਰੀ ਸਤਿਨਾਮ ਸਿੰਘ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਪਾਰਟੀ ਨਾਲ ਦੁੱਖ ਜ਼ਾਹਿਰ ਕੀਤਾ। ਇਸਲਾਮਿਕ ਸਟੇਟ ਖੋਰਾਸਾਨ (ਆਈ.ਐੱਸ.ਆਈ.ਐੱਸ.-ਕੇ) ਨੇ ਪੇਸ਼ਾਵਰ ’ਚ ਹੋਈ ਇਸ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਐਸੋਸੀਏਟ ਪ੍ਰੈੱਸ ਨੇ ਅੱਤਵਾਦੀ ਜਥੇਬੰਦੀ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਆਈ.ਐੱਸ.ਆਈ.ਐੱਸ.-ਕੇ ਵੱਲੋਂ ਸਤਿਨਾਮ ਸਿੰਘ ਨੂੰ ਬਹੁਵਿਸ਼ਵਾਸੀ ਕਰਾਰ ਦਿੱਤਾ ਗਿਆ।

Share