ਪਾਇਲਟਾਂ ਦੇ ਲਾਇਸੰਸ ਫਰਜ਼ੀ ਹੋਣ ਦੇ ਚਲਦਿਆਂ ਪਾਕਿਸਤਾਨ ਦੀਆਂ ਉਡਾਣਾਂ ‘ਤੇ ਅਮਰੀਕਾ ਨੇ  ਲਾਈ ਰੋਕ

637
Share

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)-ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਾਂ ਪੀਆਈਏ ਦੇ ਚਾਰਟਰ ਜਹਾਜ਼ਾਂ ਦੇ ਅਮਰੀਕਾ ਆਉਣ ‘ਤੇ ਰੋਕ ਲਾ ਦਿੱਤੀ ਹੈ। ਅਮਰੀਕੀ ਆਵਾਜਾਈ ਮੰਤਰਾਲੇ ਨੇ ਪਾਕਿਸਤਾਨੀ ਪਾਇਲਟਾਂ ਦੇ ਸਰਟੀਫਿਕੇਟਾਂ ਨੂੰ ਲੈ ਕੇ ਫੈਡਰਲ ਐਵੀਏਸ਼ਨ ਐਡਮਿਨਿਸਟਰੇਸ਼ਨ (ਐਫਏਏ) ਦੀ ਜਤਾਈ ਗਈ ਚਿੰਤਾ ਮਗਰੋਂ ਇਹ ਹੁਕਮ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਵਿੱਚ ਬੀਤੇ ਮਹੀਨੇ ਹੋਈ ਇੱ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਉਸ ਦੇ ਇੱਕ-ਤਿਹਾਈ ਪਾਇਲਟਾਂ ਨੇ ਆਪਣੀ ਯੋਗਤਾ ਸਬੰਧੀ ਗ਼ਲਤ ਜਾਣਕਾਰੀਆਂ ਅਤੇ ਕਾਗ਼ਜ਼ਾਤ ਦਿਖਾਏ ਸਨ। ਯੂਰਪੀ ਯੂਨੀਅਨ ਐਵੀਏਸ਼ਨ ਸੇਫ਼ਟੀ ਏਜੰਸੀ ਨੇ ਵੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸੰਚਾਲਨ ਨੂੰ ਛੇ ਮਹੀਨੇ ਲਈ ਰੋਕ ਦਿੱਤਾ ਹੈ। ਹਾਲਾਂਕਿ ਇਸ ਸੰਦਰਭ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪਾਕਿਸਤਾਨੀ ਟੀਵੀ ਚੈਨਲ ਜਿਓ ਨਿਊਜ਼ ਨੇ ਦੱਸਿਆ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੇ ਅਮਰੀਕਾ ਦੀਆਂ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਏਅਰਲਾਈਨਜ਼ ਦੇ ਅੰਦਰ ਚੱਲ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਯਤਨ ਕਰੇਗਾ।
ਇਸ ਤੋਂ ਪਹਿਲਾਂ ਜੂਨ ਵਿੱਚ ਵਿਅਤਨਾਮ ਦੇ ਹਵਾਈ ਮੰਤਰਾਲੇ ਨੇ ਕਿਹਾ ਸੀ ਕਿ ਸਥਾਨਕ ਏਅਰਲਾਈਨਜ਼ ਲਈ ਕੰਮ ਕਰ ਰਹੇ ਸਾਰੇ ਪਾਕਿਸਤਾਨੀ ਪਾਇਲਟਾਂ ਨੂੰ ਹਟਾ ਦਿੱਤਾ ਗਿਆ ਹੈ। ਜਦਕਿ ਯੂਰਪੀ ਸੰਘ ਦੇ ਹਵਾਈ ਅਧਿਕਾਰੀਆਂ ਨੇ ਵੀ 32 ਮੈਂਬਰ ਦੇਸ਼ਾਂ ਨੂੰ ਫਰਜ਼ੀ ਲਾਇਸੰਸ ਮਾਮਲੇ ਵਿੱਚ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਪਾਇਲਟਾਂ ਦੀਆਂ ਸੇਵਾਵਾਂ ਨਾ ਲੈਣ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਵਿਸ਼ਵ ਰੈਗੁਲੇਟਰਾਂ ਨੇ ਚਿੰਤਾ ਜਤਾਈ ਸੀ ਕਿ ਕੁਝ ਪਾਇਲਟ ‘ਸ਼ੱਕੀ’ ਲਾਇਸੰਸ ਵਰਤ ਰਹੇ ਹਨ।
ਦਰਅਸਲ, ਹਾਲ ਵਿੱਚ ਵਿਸ਼ਵ ਏਅਰਲਾਈਨਜ਼ ਸੰਸਥਾ ਆਈਏਟੀਏ ਨੇ ਕਿਹਾ ਸੀ ਕਿ ਪਾਕਿਸਤਾਨੀ ਕੌਮਾਂਤਰੀ ਏਅਰਲਾਈਨਜ਼ ਦੇ ਪਾਇਲਟਾਂ ਦੇ ਲਾਇਸੰਸ ਵਿੱਚ ਬੇਨੇਮੀਆਂ ਪਾਈਆਂ ਗਈਆਂ ਹਨ, ਜੋ ਸੇਫ਼ਟੀ ਕੰਟਰੋਲ ਵਿੱਚ ਵੱਡੀ ਗ਼ਲਤੀ ਹੈ।  ਇਸ ਤੋਂ ਬਾਅਦ ਪਾਕਿਸਤਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਉਨ•ਾਂ 262 ਏਅਰਲਾਈਨ ਪਾਇਲਟਾਂ ਨੂੰ ਹਟਾ ਰਿਹਾ ਹੈ, ਜਿਨ•ਾਂ ਦੀ ਯੋਗਤਾ ਫ਼ਰਜ਼ੀ ਹੋ ਸਕਦੀ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ਸਰਵਰ ਖ਼ਾਨ ਨੇ ਸੰਸਦ ਵਿੱਚ ਕਿਹਾ ਸੀ ਕਿ ਵੱਡੀ ਗਿਣਤੀ ‘ਚ ਪੇਸ਼ੇਵਰ ਪਾਇਲਟਾਂ ਕੋਲ ਫਰਜ਼ੀ ਲਾਇਸੰਸ ਹਨ ਜਾਂ ਉਨ•ਾਂ ਨੇ ਪ੍ਰੀਖਿਆਵਾਂ ਵਿੱਚ ਧੋਖਾਧੜੀ ਕੀਤੀ ਹੈ। ਗ਼ੁਲਾਮ ਸਰਵਰ ਖਾਨ ਨੇ ਇਹ ਵੀ ਕਿਹਾ ਸੀ ਕਿ ਜਾਂਚ ਵਿੱਚ ਇਹ ਮਾਮਲਾ ਸਾਹਮਣੇ ਆਇਆ ਕਿ 860 ਪਾਇਲਟਾਂ ਵਿੱਚੋਂ 260 ਤੋਂ ਵੱਧ ਦੇ ਕੋਲ ਜਾਂ ਤਾਂ ਫਰਜ਼ੀ ਲਾਇਸੰਸ ਸਨ ਜਾਂ ਉਨ•ਾਂ ਨੇ ਪ੍ਰੀਖਿਆ ਵਿੱਚ ਧੋਖਾਧੜੀ ਕੀਤੀ ਸੀ। ਇਸ ਸਾਲ ਮਈ ਮਹੀਨੇ ਵਿੱਚ ਕਰਾਚੀ ਵਿੱਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਇਸ ਹਾਦਸੇ ਵਿੱਚ 97 ਲੋਕ ਮਾਰੇ ਗਏ ਸਨ। ਹਾਦਸੇ ਦੀ ਜਾਂਚ ਲਈ ਗਠਿਤ ਕੀਤੀ ਗਈ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਵਿੱਚ ਇਹ ਕਿਹਾ ਸੀ ਕਿ ਹਾਦਸੇ ਲਈ ਏਅਰ ਟ੍ਰੈਫਿਕ ਕੰਟਰੋਲ ਅਤੇ ਪਾਇਲਟ ਜ਼ਿੰਮੇਦਾਰ ਸੀ। ਗੁਲਾਮ ਸਰਵਰ ਖਾਨ ਨੇ ਸੰਸਦ ਨੂੰ ਦੱਸਿਆ ਸੀ ਕਿ ਉਹ ਪ੍ਰੋਟੋਕਾਲ ਦਾ ਪਾਲਣ ਨਹੀਂ ਕਰ ਰਹੇ ਸਨ।


Share