ਪਹਿਲੀ ਨਵੰਬਰ ਤੋਂ ਅਸਥਾਈ ਵੀਜ਼ੇ ਵਾਸਤੇ ਨਵੀਂ ਸ਼੍ਰੇਣੀ ਵੀ ਅਮਲ ’ਚ ਆਵੇਗੀ

158
Share

ਆਕਲੈਂਡ, 31 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਇਮੀਗ੍ਰੇਸ਼ਨ 1 ਨਵੰਬਰ 2021 ਤੋਂ ਅਸਥਾਈ ਵਰਕ ਵੀਜ਼ੇ ਨੂੰ ਲੈ ਕੇ ਵੱਡੀ ਤਬਦੀਲੀ ਕਰਨ ਜਾ ਰਹੀ ਹੈ। ਸਰਕਾਰ ਨੇ ਹੁਣ 6 ਵੱਖ-ਵੱਖ ਕਿਸਮਾਂ (ਈਸ਼ੈਂਸੀਅਲ ਸਕਿੱਲਜ਼ ਵਰਕ ਵੀਜ਼ਾ, ਈਸ਼ੈਂਸੀਅਲ ਸਕਿੱਲਜ਼ ਵਰਕ ਵੀਜਾ-ਅਪਰੂਵਡ ਇਕ ਪਿ੍ਰੰਸੀਪਲ, ਟੇਲੇਂਟ (ਐਕਰੀਡੇਟਿਡ ਇੰਪਲਾਇਰ) ਵਰਕ ਵੀਜਾ, ਲੌਂਗ ਟਰਮ ਸਕਿਲ ਸ਼ਾਰਟੇਜ ਲਿਸਟ ਵਰਕ ਵੀਜ਼ਾ, ਸਿਲਵਰ ਫਰਨ ਜੌਬ ਸਰਚ ਵੀਜਾ (ਬੰਦ 7 ਅਕਤੂਬਰ 2019 ਅਤੇ ਸਿਲਵਰ ਫਰਨ ਪ੍ਰੈਕਟੀਕਲ ਐਸਪੀਰੀਅੰਸ ਵੀਜ਼ਾ) ਦੇ ਅਸਥਾਈ ਵਰਕ ਵੀਜ਼ੇ ਖਤਮ ਕਰਕੇ ਇਕ ਹੀ ਨਵਾਂ ਵੀਜ਼ਾ ਅਮਲ ’ਚ ਲਿਆਉਣਾ ਹੈ, ਜਿਸਦਾ ਨਾਂਅ ਐਕਰੀਡੇਟਿਡ ਇੰਪਲਾਇਰ ਵਰਕ ਵੀਜ਼ਾ ਰੱਖਿਆ ਗਿਆ ਹੈ। ਇਸ ਵੀਜ਼ੇ ਦੇ ਨਾਂਅ ਵਿਚ ਹੀ ਇਕ ਗੱਲ ਲਿਖੀ ਹੋਈ ਹੈ ਕਿ ਰੋਜ਼ਗਾਰਦਾਤਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ। ਨਵੇਂ ਨਿਯਮਾਂ ਦਾ ਉਦੇਸ਼ ਹੈ ਕਿ ਵੀਜ਼ਾ ਪ੍ਰਣਾਲੀ ਨੂੰ ਸੌਖਿਆ ਕਰਕੇ ਵਾਸਤਵਿਕ ਰੂਪ ਵਿਚ ਜਿੱਥੇ ਮਾਹਿਰਾਂ ਦੀ ਕਿੱਲਤ ਆ ਰਹੀ ਹੈ, ਉਸਨੂੰ ਪੂਰਿਆਂ ਕੀਤਾ ਜਾ ਸਕੇ। ਜਿਹੜੇ ਰੋਜ਼ਗਾਰਦਾਤਾ ਪ੍ਰਵਾਸੀ ਕਾਮਿਆਂ ਨੂੰ ਵਰਕ ਵੀਜ਼ੇ ਉਤੇ ਬੁਲਾਉਣਾ ਚਾਹੁੰਦੇ ਹੋਣਗੇ, ਉਨ੍ਹਾਂ ਨੂੰ ਮਾਨਤਾ ਪ੍ਰਾਪਤ ਹੋਣਾ ਜ਼ਰੂਰੀ ਹੋਵੇਗਾ। ਇਹ ਵੀ ਯਕੀਨੀ ਬਨਾਉਣਾ ਪਵੇਗਾ ਕਿ ਜਿਸ ਖੇਤਰ ਦਾ ਕਾਮਾ ਉਸਨੂੰ ਚਾਹੀਦਾ ਹੈ, ਉਹ ਨਿਊਜ਼ੀਲੈਂਡ ਦੇ ਵਿਚੋਂ ਨਹੀਂ ਮਿਲ ਰਿਹਾ। ਪ੍ਰਵਾਸੀ ਕਾਮੇ ਦੇ ਲਈ ਵੀ ਸ਼ਰਤਾਂ ਤੈਅ ਹੋਣਗੀਆਂ ਅਤੇ ਉਹ ‘ਜੌਬ ਚੈਕ’ ਅਧੀਨ ਇਹ ਸ਼ਰਤਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ। ਮਾਨਤਾ ਪ੍ਰਾਪਤ ਰੋਜ਼ਗਾਰਦਾਤਾ ਹੋਣ ਲਈ ਦੋ ਸ਼੍ਰੇਣੀਆਂ ਹੋਣਗੀਆਂ। ਪਹਿਲੀ ਸਟੈਂਡਰਡ ਐਕਰੀਡੀਏਸ਼ਨ ਜਿਸ ਦੇ ਵਿਚ 5 ਤੱਕ ਕਾਮੇ ਹੋ ਸਕਦੇ ਹਨ। ਦੂਜੀ ਸ਼੍ਰੇਣੀ ਹਾਈ ਵੌਲੀਅਮ ਐਕਰੀਡੀਏਸ਼ਨ ਹੈ, ਜਿਸ ਦੇ ਵਿਚ 6 ਤੋਂ ਜ਼ਿਆਦਾ ਕਾਮੇ ਹੋਣਗੇ। ਜੌਬ ਚੈਕ ਵਿਚ ਯਕੀਨੀ ਬਣਾਇਆ ਜਾਵੇਗਾ ਕਿ ਕਾਮੇ ਨੂੰ ਮੰਡੀ ਵਾਲਾ ਮਿਹਨਤਾਨਾ ਮਿਲੇ, ਇੰਪਲਾਇਮੈਂਟ ਕਾਨੂੰਨ ਦੇ ਤਹਿਤ ਨਿਯਮ ਤੇ ਸ਼ਰਤਾਂ ਲਾਗੂ ਹੋਣ ਅਤੇ ਲੇਬਰ ਮਾਰਕੀਟ ਟੈਸਟ ਪੂਰਾ ਕਰਨਾ ਹੋਵੇਗਾ। ਮਾਰਕੀਟ ਟੈਸਟ ਵਿਚ ਇਸ਼ਤਿਹਾਰ ਦੇ ਕੇ ਕਾਮਾ ਲੱਭਣਾ ਹੋਵੇਗਾ ਅਤੇ ਮਨਿਸਟਰੀ ਆਫ ਸੋਸ਼ਲ ਡਿਵੈਲਪਮੈਂਟ ਵਾਲਿਆਂ ਦਾ ਦਰ ਵੀ ਚੈੱਕ ਕਰਨਾ ਹੋਏਗਾ। ਜੇਕਰ ਔਸਤਨ ਤੋਂ 200% ਜ਼ਿਆਦਾ ਮਿਹਨਤਾਨਾ ਦਿੱਤਾ ਜਾ ਰਿਹਾ ਹੋਵੇ, ਤਾਂ ਮਾਰਕੀਟ ਟੈਸਟ ਤੋਂ ਛੋਟ ਹੋਵੇਗੀ। ਪ੍ਰਵਾਸੀ ਕਾਮਾ ਤਾਂ ਹੀਂ ਆ ਸਕੇਗਾ, ਜੇਕਰ ਜੌਬ ਚੈਕ ਪਾਸ ਹੋਵੇਗਾ।
ਰੋਜ਼ਗਾਰਦਾਤਾ ਮਾਨਤਾ ਪ੍ਰਾਪਤ ਹੋਣ ਲਈ ਸਤੰਬਰ 2021 ਵਿਚ ਅਪਲਾਈ ਕਰ ਸਕਦੇ ਹਨ, ਤਾਂ ਕਿ ਉਹ 1 ਨਵੰਬਰ 2021 ਤੋਂ ਨਵਾਂ ਨਿਯਮ ਲਾਗੂ ਹੋਣ ਦਾ ਫਾਇਦਾ ਉਠਾ ਸਕਣ। ਜਿਹੜੇ ਇਸ ਵੇਲੇ ਐਕਰੀਡੇਟਿਡ ਹਨ, ਉਨ੍ਹਾਂ ਨੂੰ ਵੀ ਨਵੇਂ ਸਿਸਟਮ ਮੁਤਾਬਿਕ 30 ਜੂਨ ਤੋਂ ਅਪਲਾਈ ਕਰਨਾ ਹੋਏਗਾ। ਜੇਕਰ ਪ੍ਰਵਾਸੀ ਕਾਮਾ ਨਹੀਂ ਬੁਲਾਉਣਾ, ਤਾਂ ਮਾਨਤਾ ਪ੍ਰਾਪਤ ਹੋਣ ਦੀ ਲੋੜ ਨਹੀਂ ਹੋਵੇਗੀ।

Share