ਪਬਜੀ ਦੇ ਸੀਨ ਦੁਹਰਾਉਣ ਲਈ ਪਾਕਿਸਤਾਨੀ ਨੌਜਵਾਨ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੋਲੀਆਂ ਮਾਰ ਕੀਤਾ ਕਤਲ

68
Share

* ਭਰਾ, ਭਰਜਾਈ, ਭੈਣ ਤੇ ਦੋਸਤ ਦੀ ਮੌਤ
ਅੰਮਿ੍ਰਤਸਰ, 8 ਅਪ੍ਰੈਲ (ਪੰਜਾਬ ਮੇਲ)-ਦੁਨੀਆਂ ਭਰ ’ਚ ਕਈ ਲੋਕਾਂ ਦੀ ਬਰਬਾਦੀ ਦਾ ਕਾਰਨ ਬਣ ਚੁੱਕੀ ਪਬਜੀ ਖੇਡ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਸਾਹਮਣੇ ਆਇਆ ਹੈ। ਪਬਜੀ ਦੇ ਸੀਨ ਨੂੰ ਦੁਹਰਾਉਣ ਲਈ ਰਾਣਾ ਬਿਲਾਲ ਨਾਂ ਦੇ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਹ ਘਟਨਾ ਲਾਹੌਰ ਦੇ ਨਵਾਂ ਕੋਟ ਦੀ ਨਜ਼ਦੀਕੀ ਆਬਾਦੀ ’ਚ ਵਾਪਰੀ। ਉਕਤ ਨੌਜਵਾਨ ਨੇ ਪਬਜੀ ਦੇ ਸੀਨ ਨੂੰ ਦੁਬਾਰਾ ਬਣਾਉਣ ਲਈ ਪਹਿਲਾਂ ਬਕਾਇਦਾ ਹੈਲਮਟ ਅਤੇ ਜੈਕੇਟ ਪਹਿਨੀ ਅਤੇ ਫਿਰ ਪਬਜੀ ਗੇਮ ਦੇ ਅੰਦਾਜ਼ ’ਚ ਘਰ ’ਚ ਦਾਖਲ ਹੁੰਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਉਸ ਦੇ ਭਰਾ, ਭਰਜਾਈ, ਭੈਣ ਅਤੇ ਇਕ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਦੌਰਾਨ ਇਕ ਹੋਰ ਗੁਆਂਢੀ ਵੀ ਜ਼ਖਮੀ ਹੋ ਗਿਆ। ਸੀ.ਸੀ.ਟੀ.ਵੀ. ਫ਼ੁਟੇਜ ’ਚ ਰਾਣਾ ਬਿਲਾਲ ਗੋਲੀਆਂ ਚਲਾਉਂਦੇ ਵੇਖਿਆ ਜਾ ਸਕਦਾ ਹੈ। ਗੁਆਂਢੀਆਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਲਾਹੌਰ ਦੇ ਡੀ.ਐੱਸ.ਪੀ. ਉਮਰ ਬਲੋਚ ਨੇ ਕਿਹਾ ਕਿ ਮੁਲਜ਼ਮ ਪਬਜੀ ਖੇਡ ਦਾ ਆਦੀ ਸੀ ਅਤੇ ਸਾਰਾ ਦਿਨ ਇਸ ਖੇਡ ’ਚ ਰੁੱਝਿਆ ਰਹਿੰਦਾ ਸੀ।

Share