ਪਟਿਆਲਾ ਦੇ ਆਈ.ਜੀ. ਨੇ ਪ੍ਰੋਬੇਸ਼ਨਰ ਐਸ.ਆਈ. ਅਦਿਤਿਆ ਸ਼ਰਮਾ ਨੂੰ ਅਪਰਾਧਕ ਦੋਸ਼ਾਂ, ਜਿਣਸੀ ਸੋਸ਼ਣ ਅਤੇ ਅਨੁਸ਼ਾਸ਼ਣਹੀਣਤਾ ਬਦਲੇ ਨੌਕਰੀ ਤੋਂ ਬਰਖਾਸਤ ਕੀਤਾ

672
Share

ਪਟਿਆਲਾ, 16 ਜੂਨ (ਪੰਜਾਬ ਮੇਲ)- ਪਟਿਆਲਾ ਦੇ ਆਈ.ਜੀ. ਜਤਿੰਦਰ ਸਿੰਘ ਔਲਖ ਨੇ ਅਪਰਾਧਕ ਕਾਰਵਾਈਆਂ ‘ਚ ਲਿਪਤ ਪੁਲਿਸ ਦੇ ਪ੍ਰੋਬੇਸ਼ਨਰ ਸਬ ਇੰਸਪੈਕਟਰ ਅਦਿਤਿਆ ਸ਼ਰਮਾ ਵੱਲੋਂ ਅਨੁਸ਼ਾਸਣਹੀਣਤਾ ਦਿਖਾਉਣ, ਜਿਣਸੀ ਸੋਸ਼ਣ ਦੇ ਦੋਸ਼ਾਂ ਅਤੇ ਡਿਊਟੀ ਤੋਂ ਲਗਾਤਾਰ ਗ਼ੈਰਹਾਜ਼ਰ ਰਹਿਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੌਕਰੀ ਤੋਂ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ।
ਵਿਵਾਦਾਂ ਦਾ ਧੁਰਾ ਬਣਿਆਂ ਅਦਿਤਿਆ ਸ਼ਰਮਾ ਵਿਰੁੱਧ ਜਿਸ ਔਰਤ ਨੇ ਜਿਣਸੀ ਸੋਸ਼ਣ ਕਰਨ ਦੋਸ਼ ਲਗਾਕੇ ਦੋ ਮਾਮਲੇ ਦਰਜ ਕਰਵਾਏ ਸਨ, ਨਾਲ ਉਸ ਨੇ ਅਨੁਸਾਸ਼ਣੀ ਕਾਰਵਾਈ ਤੋਂ ਬਚਣ ਲਈ ਵਿਆਹ ਵੀ ਕਰਵਾਇਆ ਸੀ। ਪੁਲਿਸ ਵਿਭਾਗ ਦੇ ਬੁਲਾਰੇ ਮੁਤਾਬਕ ਉਹ ਲਗਾਤਾਰ ਗੰਭੀਰ ਕਿਸਮ ਦੀਆਂ ਅਪਰਾਧਕ ਕਾਰਵਾਈਆਂ, ਜਿਣਸੀ ਸੰਭੋਗ ਦੇ ਦੋਸ਼ ਸ਼ਾਮਲ ਹਨ, ‘ਚ ਲਿਪਤ ਰਿਹਾ ਅਤੇ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਦੀ ਮੁੱਢਲੀ ਸਿਖਲਾਈ ਕਰਨ ‘ਚ ਵੀ ਅਸਫ਼ਲ ਰਿਹਾ। ਇਤਫ਼ਾਕਨ, ਸ਼ਰਮਾ ਆਪਣੇ ਪ੍ਰੋਬੇਸ਼ਨ ਦੇ ਥੋੜੇ ਸਮੇਂ ਦੌਰਾਨ 109 ਦਿਨਾਂ ਲਈ ਮੁਅੱਤਲ ਵੀ ਰਿਹਾ ਅਤੇ 65 ਦਿਨਾਂ ਦੇ ਲਈ ਡਿਊਟੀ ਤੋਂ ਵੀ ਗ਼ੈਰਹਾਜ਼ਰ ਰਿਹਾ।
ਇਸ ਗੱਲ ਦਾ ਨੋਟਿਸ ਲੈਂਦਿਆਂ ਕਿ, ਜੇਕਰ ਕਿਸੇ ਅਧਿਕਾਰੀ ਦੀ ਅਨੁਸ਼ਾਸਣਹੀਣਤਾ ਨੂੰ ਚੈਕ ਨਾ ਕੀਤਾ ਜਾਵੇ ਤਾਂ ਇਹ ਪੁਲਿਸ ਵਿਭਾਗ ਦੇ ਬਾਕੀ ਸਾਥੀਆਂ ‘ਤੇ ਵੀ ਮਾੜਾ ਅਸਰ ਪੈਂਦਾ ਹੈ, ਆਈ.ਜੀ. ਸ. ਜਤਿੰਦਰ ਸਿੰਘ ਔਲਖ ਨੇ ਸ਼ਰਮਾ ਦੀ ਬਰਖਾਸਤੀ ਦੇ ਜਾਰੀ ਕੀਤੇ ਹੁਕਮਾਂ ‘ਚ ਕਿਹਾ ਹੈ ਕਿ ਸ਼ਰਮਾ ਨੇ ਸੀਨੀਅਰ ਪੁਲਿਸ ਕਪਤਾਨ, ਪਟਿਆਲਾ ਵੱਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਦਾ ਵੀ ਜਵਾਬ ਨਹੀਂ ਦਿੱਤਾ। ਆਈ.ਜੀ. ਨੇ ਇਸ ਗੱਲ ਦਾ ਨੋਟਿਸ ਲਿਆ ਹੈ ਕਿ ਅਧਿਕਾਰੀ ਵੱਲੋਂ ਲਗਾਤਾਰ ਡਿਊਟੀ ਤੋ ਗ਼ੈਰਹਾਜ਼ਰ ਰਹਿਣਾ, ਜੋ ਕਿ ਹੁਣ ਤੱਕ ਜਾਰੀ ਹੈ, ਉਹ ਵੀ ਉਸ ਸਮੇਂ ਜਦੋਂ ਇੱਕ ਪਾਸੇ ਸਾਡੇ ਰਾਜ ਪੰਜਾਬ ‘ਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਵੀ ਕੋਵਿਡ-19 ਦੀ ਭਿਆਨਕ ਮਹਾਂਮਾਰੀ ਦਾ ਪ੍ਰਕੋਪ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਪੂਰਾ ਪੁਲਿਸ ਵਿਭਾਗ, ਪੂਰੀ ਤਨਦੇਹੀ ਅਤੇ ਨਿਰਸਵਾਰਥ ਸੇਵਾ ਭਾਵ ਨਾਲ ਲਗਾਤਾਰ ਇਸ ਜੰਗ ਵਿਰੁੱਧ ਲੜ ਰਿਹਾ ਹੈ।
ਬੁਲਾਰੇ ਮੁਤਾਬਕ, ਆਈ.ਜੀ. ਪੁਲਿਸ ਨੂੰ ਐਸ.ਐਸ.ਪੀ. ਪਟਿਆਲਾ ਵੱਲੋਂ ਜਲੰਧਰ ਜ਼ਿਲ੍ਹੇ ਦੇ ਫ਼ਿਲੌਰ ਦੇ ਵਸਨੀਕ ਪ੍ਰੋਬੇਸ਼ਨਰ ਅਧਿਕਾਰੀ ਵਿਰੁੱਧ ਇੱਕ ਮੀਮੋ ਪ੍ਰਾਪਤ ਹੋਇਆ ਸੀ, ਜਿਸ ਨੂੰ ਕਿ 24 ਜਨਵਰੀ 2019 ਨੂੰ ਇੱਕ ‘ਵਿਸ਼ੇਸ਼ ਕੇਸ’ ਵਜੋਂ ਵਿਚਾਰਦਿਆਂ ਐਸ.ਆਈ. ਭਰਤੀ ਕੀਤਾ ਗਿਆ ਸੀ। ਪੂਰੇ ਮਾਮਲੇ ਅਤੇ ਤੱਥਾਂ ਨੂੰ ਵਾਚਦਿਆਂ ਆਈ.ਜੀ.ਪੀ. ਨੇ ਪੰਜਾਬ ਪੁਲਿਸ ਨਿਯਮ, 1934 (ਪੰਜਾਬ ਰਾਜ ਵਿੱਚ ਲਾਗੂ) ਦੇ ਨਿਯਮ 12.8 ਤਹਿਤ ਆਦੇਸ਼ ਜਾਰੀ ਕੀਤੇ ਹਨ।
ਅਦਿਤਿਆ ਸ਼ਰਮਾ ਵਿਰੁੱਧ ਲੱਗੇ ਦੋਸ਼ਾਂ ਦੀ ਤਫ਼ਸੀਲ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਇਸ ਵਿਰੁੱਧ ਇੱਕ ਔਰਤ ਨੇ ਜਿਣਸੀ ਸੋਸ਼ਣ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਪਹਿਲੀ ਐਫ.ਆਈ.ਆਰ. ਥਾਣਾ ਸਦਰ, ਹੁਸ਼ਿਆਰਪੁਰ ਵਿਖੇ ਦਰਜ ਕਰਵਾਈ ਸੀ। ਉਸ ਸਮੇਂ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਪ੍ਰਸ਼ਾਸਨ),  ਪੰਜਾਬ ਪੁਲਿਸ ਅਕੈਡਮੀ, ਫਿਲੌਰ (ਅਕੈਡਮੀ ਦੇ ਡਾਇਰੈਕਟਰ ਦੀ ਮਨਜ਼ੂਰੀ ਨਾਲ) ਨੇ 23 ਸਤੰਬਰ 2019 ਨੂੰ ਅਦਿਤਿਆ ਦੀ ਮੁੱਢਲੀ ਸਿਖਲਾਈ ਮੁਕੰਮਲ ਹੋਣ ਤੋਂ ਬਗ਼ੈਰ ਉਸ ਦੀ ਪਹਿਲੀ ਯੂਨਿਟ ‘ਚ ਵਾਪਸ ਭੇਜ ਦਿੱਤਾ ਸੀ।
ਉਸਦੇ ਤਬਾਦਲੇ ਦੇ ਹੁਕਮਾਂ ‘ਚ ਕਿਹਾ ਗਿਆ ਸੀ ਕਿ ਪੀ.ਪੀ.ਏ. ਵਿਖੇ ਅਧਿਕਾਰੀ ਦਾ ਵਿਵਹਾਰ ਅਕੈਡਮੀ ਦੇ ਵਾਤਾਵਾਰਣ ਦੇ ਅਨੁਕੂਲ ਨਹੀਂ ਹੈ ਅਤੇ ਉਹ ਪੁਲਿਸ ਅਕੈਡਮੀ ਵਿੱਚੋਂ ਵੀ 18 ਸਤੰਬਰ 2019 ਤੋਂ ਲਗਾਤਾਰ ਗ਼ੈਰਹਾਜ਼ਰ ਰਿਹਾ ਹੈ।
ਬਾਅਦ ਵਿੱਚ, ਆਈ.ਪੀ.ਸੀ. ਦੀਆਂ ਧਾਰਾਵਾਂ 376-ਸੀ (ਅਧਿਕਾਰ ਵਿੱਚ ਵਿਅਕਤੀ ਵੱਲੋਂ ਜਿਣਸੀ ਸੰਭੋਗ) ਅਤੇ 506 ਦਾ ਵਾਧਾ ਕੀਤਾ ਕਰ ਦਿੱਤਾ ਗਿਆ ਸੀ ਅਤੇ ਇਸਨੂੰ 15 ਨਵੰਬਰ 2019 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਿਰੁੱਧ ਵਿਭਾਗੀ ਜਾਂਚ ਕਰਨ ਲਈ ਡੀ.ਐਸ.ਪੀ. (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ) ਪਟਿਆਲਾ ਨੂੰ ਸੌਂਪੀ ਗਈ ਸੀ। ਮੁਅੱਤਲੀ ਅਧੀਨ ਇਸ ਅਧਿਕਾਰੀ ਨੂੰ ਲਗਾਤਾਰ ਪਟਿਆਲਾ ਪੁਲਿਸ ਲਾਈਨ ਵਿਖੇ ਰਿਪੋਰਟ ਕਰਨ ਦੇ ਆਦੇਸ਼ ਕੀਤੇ ਗਏ ਸਨ ਅਤੇ ਪੰਜਾਬ ਪੁਲਿਸ ਰੂਲਜ, 1934 ਦੇ ਨਿਯਮ 16.21 ਤਹਿਤ ਨਿਯਮਾਂ ਅਤੇ ਸ਼ਰਤਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਸੀ।
ਭਾਵੇਂ ਕਿ 20 ਫਰਵਰੀ 2020 ਨੂੰ ਸ਼ਰਮਾ ਨੇ ਐਸ.ਐਸ.ਪੀ. ਪਟਿਆਲਾ ਕੋਲ ਦਰਖਾਸਤ ਦਿੱਤੀ ਸੀ ਕਿ ਐਫ.ਆਈ.ਆਰ. ਨੰਬਰ 144 ‘ਚ ਸ਼ਿਕਾਇਤਕਰਤਾਂ ਮਹਿਲਾ ਨਾਲ ਉਸਦਾ ਸਮਝੌਤਾ ਹੋ ਗਿਆ ਹੈ ਅਤੇ ਉਸ ਦਾ ਸ਼ਿਕਾਇਤ ਕਰਤਾ ਮਹਿਲਾ ਨਾਲ ਕਾਨੂੰਨੀ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਐਸ.ਐਸ.ਪੀ. ਪਟਿਆਲਾ ਦੀ ਸ਼ਿਫਾਰਸ ‘ਤੇ ਉਸਦੀ ਮੁਅੱਤਲੀ ਰੱਦ ਕਰਕੇ ਵਿਭਾਗੀ ਜਾਂਚ ਅਤੇ ਅਪਰਾਧਕ ਕਾਰਵਾਈ ਲੰਬਿਤ ਸੀ।ਪ੍ਰੋਬੇਸ਼ਨਰ ਐਸ.ਆਈ. 11 ਨਵੰਬਰ 2019 ਤੋਂ 2 ਮਾਰਚ 2020 ਤੱਕ ਕੁੱਲ 109 ਦਿਨਾਂ ਤੱਕ ਮੁਅੱਤਲ ਰਿਹਾ।
ਇਸੇ ਦੌਰਾਨ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਦੇ ਆਦੀ ਪ੍ਰੋਬੇਸ਼ਨਰ ਅਧਿਕਾਰੀ ਨੂੰ ਪੁਲਿਸ ਐਕਡਮੀ ਫਿਲੌਰ ਵਿਖੇ ਟਰੇਨਿੰਗ ਦੌਰਾਨ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਕਰਕੇ ਦੋ ਵਾਰ ਕਾਰਨ ਦੱਸੋਂ ਨੋਟਿਸ ਜਾਰੀ ਕੀਤੀ ਗਏ, ਜਿਸ ਦਾ ਉਹ ਕੋਈ ਜਵਾਬ ਨਹੀਂ ਦੇ ਸਕਿਆ। ਉਸਨੇ 3 ਦਸੰਬਰ 2019 ਨੂੰ ਦੁਬਾਰਾ ਡਿਊਟੀ ਜੁਆਇੰਨ ਕੀਤੀ, ਜਿਸ ਦੌਰਾਨ ਉਸਨੇ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ ਦਾ ਸੰਖੇਪ ਕਾਰਨ ਦੱਸਿਆ ਪਰ 20 ਮਈ ਤੋਂ 29 ਮਈ 2020 ਤੋਂ ਉਹ ਮੁੜ ਤੋਂ ਗ਼ੈਰਹਾਜ਼ਰ ਰਿਹਾ ਹੈ।
ਇਸ ਉਪਰੰਤ, ਉਸ ਵਿਰੁੱਧ ਇੱਕ ਹੋਰ ਐਫ.ਆਈ.ਆਰ. ਨੰਬਰ 91, ਹਾਲ ਹੀ ਦੌਰਾਨ 3 ਜੂਨ 2020 ਨੂੰ ਉਸੇ ਔਰਤ ਵੱਲੋਂ ਜੋ ਹੁਣ ਇਸ ਦੀ ਪਤਨੀ ਹੈ ਨੇ ਪੁਲਿਸ ਥਾਣਾ ਗੁਰਾਇਆ ਵਿਖੇ ਅ/ਧ 323, 498-ਏ, 509 ਅਤੇ 406 ਆਈ.ਪੀ.ਸੀ. ਤਹਿਤ ਦਰਜ ਕਰਵਾਈ ਹੈ ਕਿ ਫਰਵਰੀ ‘ਚ ਉਨ੍ਹਾਂ ਦੇ ਵਿਆਹ ਤੋਂ ਬਾਅਦ ਅਦਿਤਿਆ ਸ਼ਰਮਾ ਤਾਲਾਬੰਦੀ ਦੌਰਾਨ ਲਗਾਤਾਰ, ਉਸ ਉਪਰ ਸ਼ਰੀਰਕ ਤੇ ਮਾਨਸਿਕ ਤਸ਼ੱਦਦ ਕਰ ਰਿਹਾ ਹੈ।
ਪੀੜਤ ਮਹਿਲਾ ਨੇ 26 ਅਤੇ 27 ਮਈ ਨੂੰ ਹੋਈ ਘਰੇਲੂ ਹਿੰਸਾ ਤੋਂ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਅਤੇ ਉਸਨੇ ਦਾਅਵਾ ਕੀਤਾ ਕਿ ਉਸ ਦੇ ਸਿਰ, ਪਿੱਠ, ਮੋਢੇ ਅਤੇ ਬਾਹ ‘ਤੇ ਕੁੱਟਮਾਰ ਦੇ ਜ਼ਖਮ ਹਨ। ਬੁਲਾਰੇ ਨੇ ਦੱਸਿਆ ਕਿ ਸ਼ਰਮਾ 5 ਜੂਨ ਤੋਂ ਮੁੜ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਚੱਲ ਰਿਹਾ ਹੈ ਅਤੇ ਐਸ.ਐਸ.ਪੀ. ਵੱਲੋਂ ਆਈ.ਜੀ. ਪਟਿਆਲਾ ਨੂੰ ਇਸ ਸਬੰਧੀ ਮੀਮੋਂ ਦਿੱਤਾ ਗਿਆ ਹੈ।

Share