ਪਟਿਆਲਾ ’ਚ ਝੱਖੜ ਕਾਰਨ 7 ਮੌਤਾਂ, ਕਈ ਜ਼ਖ਼ਮੀ

77
Share

ਪਟਿਆਲਾ/ਰਾਜਪੁਰਾ, 11 ਜੂਨ (ਪੰਜਾਬ ਮੇਲ)- ਲੰਘੀ ਰਾਤ ਤੇਜ਼ ਝੱਖੜ ਨੇ ਪਟਿਆਲਾ ਜ਼ਿਲ੍ਹੇ ’ਚ ਸੱਤ ਵਿਅਕਤੀਆਂ ਦੀ ਜਾਨ ਲੈ ਲਈ, ਜਦਕਿ ਕਈ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹੋਰ ਮਾਲੀ ਨੁਕਸਾਨ ਵੀ ਹੋਇਆ ਹੈ। ਪਟਿਆਲਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ। ਇਹ ਝੱਖੜ ਵੀਰਵਾਰ ਰਾਤੀਂ ਨੌੰ ਵਜੇ ਤੋਂ ਬਾਅਦ ਆਇਆ, ਜਿਸ ਦੌਰਾਨ ਰਾਜਪੁਰਾ ਨੇੜਲੇ ਪਿੰਡ ਸੈਦਖੇੜੀ ਵਿਖੇ ਝੁੱਗੀ ਵਿਚ ਰਹਿ ਰਹੇ ਪਰਵਾਸੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਕਿਉਂਕਿ ਇਸ ਝੁੱਗੀ ਦੇ ਦੁਆਲੇ ਬਣੀ ਚਾਰਦੀਵਾਰੀ ਉਨ੍ਹਾਂ ਦੇ ਉਪਰ ਡਿੱਗ ਗਈ। ਮ੍ਰਿਤਕਾਂ ’ਚ ਦੋ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਸ਼ਾਮਲ ਹਨ। ਇਸੇ ਤਰ੍ਹਾਂ ਪਟਿਆਲਾ- ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਗੰਡਾਖੇੜੀ ਵਿਖੇ ਖੇਤਾਂ ਵਿੱਚ ਮੋਟਰ ਵਾਲਾ ਕੋਠਾ ਡਿੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ। ਰਾਜਪੁਰਾ ਵਿੱਚ ਹੀ ਇੱਕ ਹੋਰ ਮੌਤ ਬੱਬਰ ਢਾਬੇ ਦੇ ਨਜ਼ਦੀਕ ਹੋਈ। ਇਥੇ ਇਕ ਵਿਅਕਤੀ ਝੱਖੜ ਤੋਂ ਬਚਣ ਲਈ ਕੰਟੇਨਰ ਦੀ ਓਟ ਵਿੱਚ ਖੜ੍ਹਾ ਗਿਆ ਪਰ ਝੱਖੜ ਇੰਨੀ ਜ਼ਿਆਦਾ ਗਤੀ ਨਾਲ ਆਇਆ ਕਿ ਉਸ ਨੇ ਕੰਟੇਨਰ ਹੀ ਪਲਟਾ ਦਿੱਤਾ, ਜਿਸ ਕਾਰਨ ਓਟ ਵਿਚ ਖੜੇ ਵਿਅਕਤੀ ਦੀ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਪਟਿਆਲਾ ਦੇ ਸਨੌਰ ਵਿਖੇ ਵੀ ਬੋਸਰ ਰੋਡ ‘ਤੇ ਸਥਿਤ ਕੰਧ ਡਿਗਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਕੰਧਾਂ ਅਤੇ ਛੱਤਾਂ ਡਿੱਗਣ ਕਾਰਨ ਦਸ ਦੇ ਕਰੀਬ ਹੋਰ ਵਿਅਕਤੀਆਂ ਨੂੰ ਸੱਟਾਂ ਵੱਜਣ ਦਾ ਸਮਾਚਾਰ ਹੈ, ਜਦਕਿ ਇਸ ਝੱਖੜ ਨੇ ਹੋਰ ਵੀ ਕਈ ਤਰ੍ਹਾਂ ਦਾ ਨੁਕਸਾਨ ਕੀਤਾ ਜਿਸ ਦੇ ਅੰਦਾਜ਼ੇ ਲਾਏ ਜਾ ਰਹੇ ਹਨ।


Share