ਨੌਰਥ ਅਮਰੀਕਾ ਦੇ ਪੰਜਾਬੀਆਂ ’ਚ ਵੱਧ ਰਿਹਾ ਨਸ਼ਿਆਂ ਦਾ ਧੰਦਾ

400
Share

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444

ਪਿਛਲੇ ਦਿਨਾਂ ਦੌਰਾਨ ਅਮਰੀਕਾ ਤੇ ਕੈਨੇਡਾ ਤੋਂ ਨਸ਼ਿਆਂ ਦੇ ਵਪਾਰ ਸੰਬੰਧੀ ਆਈਆਂ ਖ਼ਬਰਾਂ ਕਾਫੀ ਚਰਚਿਤ ਹੋਈਆਂ ਹਨ। ਖੂਫੀਆ ਏਜੰਸੀਆਂ ਨੇ ਕੁੱਝ ਪੰਜਾਬੀ ਨੌਜਵਾਨਾਂ ਨੂੰ ਇਨ੍ਹਾਂ ਮੁਲਕਾਂ ਵਿਚ ਆਪਣੀ ਹਿਰਾਸਤ ’ਚ ਲਿਆ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਇਹ ਪੰਜਾਬੀ ਅੜਿੱਕੇ ਆਏ ਹਨ। ਇਸ ਤੋਂ ਪਹਿਲਾਂ ਵੀ ਸੈਂਕੜੇ ਪੰਜਾਬੀ ਨਸ਼ਿਆਂ ਦੇ ਧੰਦੇ ਕਰਕੇ ਜੇਲ੍ਹਾਂ ਵਿਚ ਡਕੇ ਹੋਏ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਇਕ ਮਿਹਨਤਕਸ਼ ਕੌਮ ਹੈ। ਇਹ ਜਿੱਥੇ ਵੀ ਗਏ ਜੰਗਲ ਤੋਂ ਮੰਗਲ ਕਰ ਦਿੱਤਾ। ਦੁਨੀਆਂ ਦੇ ਹਰ ਦੇਸ਼, ਹਰ ਕੋਨੇ ਵਿਚ ਇਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਕਰਕੇ ਚੰਗਾ ਨਾਮਨਾ ਖੱਟਿਆ ਹੈ। ਜਿੱਥੇ ਇਨ੍ਹਾਂ ਨੇ ਵਿਦੇਸ਼ਾਂ ਵਿਚ ਆ ਕੇ ਆਪਣੇ ਆਪ ਨੂੰ ਖੁਸ਼ਹਾਲ ਕੀਤਾ, ਉਥੇ ਸਥਾਨਕ ਅਤੇ ਆਪਣੇ ਦੇਸ਼ ਦੇ ਅਰਥਚਾਰੇ ਨੂੰ ਪ੍ਰਫੁਲਿਤ ਕਰਨ ਵਿਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਦੇ ਨਾਲ-ਨਾਲ ਧਾਰਮਿਕ, ਸੱਭਿਆਚਾਰਕ, ਰਾਜਨੀਤਿਕ, ਵਿਗਿਆਨਕ ਖੇਤਰਾਂ ਵਿਚ ਵੀ ਨਾਮਨਾ ਖੱਟਿਆ ਹੈ। ਤਕਰੀਬਨ ਹਰ ਖੇਤਰ ਵਿਚ ਪੰਜਾਬੀਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਵਪਾਰਕ ਖੇਤਰ ਦੀ ਗੱਲ ਕਰੀਏ, ਤਾਂ ਇਥੇ ਵੀ ਇਹ ਲੋਕ ਕਿਸੇ ਤੋਂ ਘੱਟ ਨਹੀਂ ਰਹੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣਾ ਘਰ-ਬਾਰ ਛੱਡ ਕੇ ਹੋਰ ਅਮੀਰ ਬਣਨ ਦੀ ਤਾਕ ਵਿਚ ਵਿਦੇਸ਼ਾਂ ਵਿਚ ਜਾਂਦੇ ਹਾਂ। ਪਰ ਕਈ ਵਾਰੀ ਕੁੱਝ ਇਕ ਲੋਕ ਜਲਦੀ ਅਮੀਰ ਬਣਨ ਦੀ ਤਾਕ ਵਿਚ ਆਪਣਾ ਆਪ ਭੁੱਲ ਕੇ ਗਲਤ ਕੰਮਾਂ ਵਿਚ ਪੈ ਜਾਂਦੇ ਹਨ। ਉਹ ਲੋਕ ਕਾਨੂੰਨ ਨੂੰ ਛਿੱਕੇ ਟੰਗ ਕੇ ਕਈ ਤਰ੍ਹਾਂ ਦੇ ਗੈਰ ਕਾਨੂੰਨੀ ਧੰਦੇ ਕਰਨ ਲੱਗ ਪੈਂਦੇ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਚਲਿਤ ਹੈ ਨਸ਼ਿਆਂ ਦਾ ਵਪਾਰ। ਖਾਸ ਕਰਕੇ ਕੈਨੇਡਾ ਇਸ ਵਿਚ ਅੱਵਲ ਨੰਬਰ ’ਤੇ ਗਿਣਿਆ ਜਾ ਰਿਹਾ ਸੀ। ਇਥੇ ਬਹੁਤ ਸਾਰੇ ਪੰਜਾਬੀ ਇਸ ਗੋਰਖ ਧੰਦੇ ਵਿਚ ਪੈ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਇਸ ਵਿਚ ਫਸ ਚੁੱਕੇ ਹਨ। ਕਈ ਤਰ੍ਹਾਂ ਦੇ ਗੈਂਗ ਉਥੇ ਹੋਂਦ ਵਿਚ ਆ ਚੁੱਕੇ ਹਨ। ਬਹੁਤ ਸਾਰੇ ਗਰੁੱਪ ਬਣ ਚੁੱਕੇ ਹਨ। ਕਈ ਕੀਮਤੀ ਜਾਨਾਂ ਇਨ੍ਹਾਂ ਗੈਂਗਾਂ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅੱਜ ਸਾਡੇ ਭਾਈਚਾਰੇ ਦੀ ਜੋ ਤਸਵੀਰ ਦੁਨੀਆਂ ਦੀਆਂ ਨਜ਼ਰਾਂ ਵਿਚ ਉੱਕਰ ਰਹੀ ਹੈ, ਉਹ ਨਿਸ਼ਚਿਤ ਹੀ ਸਾਰਿਆਂ ਨੂੰ ਚਿੰਤਤ ਕਰਨ ਵਾਲੀ ਹੈ। ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ’ਤੇ ਚੈਕਿੰਗ ਪਹਿਲਾਂ ਨਾਲੋਂ ਵੀ ਸਖ਼ਤ ਕਰ ਦਿੱਤੀ ਗਈ ਹੈ ਪਰ ਸਾਡੇ ਪੰਜਾਬੀ ਵੀਰ ਉਸ ਦੀ ਪ੍ਰਵਾਹ ਵੀ ਨਹੀਂ ਕਰਦੇ, ਜਿਸ ਦੇ ਨਤੀਜੇ ਵਜੋਂ ਅੱਜ ਅਮਰੀਕਾ, ਕੈਨੇਡਾ ਦੀਆਂ ਜੇਲ੍ਹਾਂ ਪੰਜਾਬੀ ਡਰੱਗ ਸਮੱਗਲਰਾਂ ਨਾਲ ਭਰੀਆਂ ਹੋਈਆਂ ਹਨ। ਬਾਰਡਰ ’ਤੇ ਪੰਜਾਬੀਆਂ ਦੇ ਟਰੱਕਾਂ ਨੂੰ ਜਿਸ ਤਰ੍ਹਾਂ ਵਿਸ਼ੇਸ਼ ਤੌਰ ’ਤੇ ਰੋਕ ਕੇ ਬਾਰੀਕੀ ਨਾਲ ਛਾਣਬੀਣ ਕੀਤੀ ਜਾਂਦੀ ਹੈ, ਉਸ ਤੋਂ ਨਿਸ਼ਚਿਤ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਵਿਚ ਅਸੀਂ ਕਿੰਨੇ ਬਦਨਾਮ ਹੋ ਚੁੱਕੇ ਹਾਂ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਕਈ ਵਾਰੀ ਤਾਂ ਇਸ ਧੰਦੇ ਵਿਚ ਧਾਰਮਿਕ ਕਿਤਾਬਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਪਿੱਛੇ ਜਿਹੇ ਕੁੱਝ ਪੰਜਾਬੀਆਂ ਨੂੰ ਵੀ ਇਸੇ ਤਰ੍ਹਾਂ ਡਰੱਗ ਸਮਗÇਲੰਗ ਕਰਦਿਆਂ ਹਿਰਾਸਤ ’ਚ ਲਿਆ ਗਿਆ ਸੀ। ਇਨ੍ਹਾਂ ਘਟਨਾਵਾਂ ਕਾਰਨ ਅਮਰੀਕਾ ਤੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਹੁਣ ਹਰੇਕ ਪੰਜਾਬੀ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਣ ਲੱਗ ਪਈਆਂ ਹਨ। ਸਥਾਨਕ ਏਜੰਸੀਆਂ ਵੱਲੋਂ ਪੰਜਾਬ ਵਿਚ ਵੀ ਆਪਣੇ ਦਸਤੇ ਭੇਜੇ ਜਾ ਰਹੇ ਹਨ, ਤਾਂ ਕਿ ਇਸ ਮਸਲੇ ਦਾ ਜੜ੍ਹੋਂ ਕੋਈ ਹੱਲ ਕੱਢਿਆ ਜਾ ਸਕੇ ਅਤੇ ਗੈਂਗ ਰੈਕਟ ਤੋੜੇ ਜਾ ਸਕਣ। ਇਸ ਧੰਦੇ ਵਿਚ ਇਕੱਲੇ ਨੌਜਵਾਨ ਹੀ ਸ਼ਾਮਲ ਨਹੀਂ ਹਨ, ਬਲਕਿ ਬਹੁਤ ਸਾਰੇ ਬਜ਼ੁਰਗ, ਬੱਚਿਆਂ ਅਤੇ ਇਥੋਂ ਤੱਕ ਕਿ ਔਰਤਾਂ ਨੂੰ ਵੀ ਇਸ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। ਕਈ ਬੀਬੀਆਂ, ਦਾੜ੍ਹੀਆਂ ਵਾਲੇ ਵੱਖ-ਵੱਖ ਜੇਲ੍ਹਾਂ ਵਿਚ ਆਪਣੇ ਕੀਤੇ ਦੀ ਸਜ਼ਾ ਵੀ ਭੁਗਤ ਰਹੇ ਹਨ।
ਸਾਡੇ ਪੰਜਾਬੀ ਭਾਈਚਾਰੇ ਲਈ ਇਹ ਸੰਕੇਤ ਕੋਈ ਚੰਗੇ ਨਹੀਂ ਹਨ। ਗਲਤ ਧੰਦਿਆਂ ਵਿਚ ਪੈ ਕੇ ਜਿੱਥੇ ਇਹ ਲੋਕ ਪੰਜਾਬੀ ਭਾਈਚਾਰੇ ਦੀ ਬਦਨਾਮੀ ਕਰ ਰਹੇ ਹਨ, ਉਥੇ ਹੀ ਦੁਨੀਆਂ ਦੇ ਸਭ ਤੋਂ ਨਵੀਨ ਸਿੱਖ ਧਰਮ ਦੇ ਉਪਦੇਸ਼ਾਂ ਤੋਂ ਵੀ ਬੇਮੁੱਖ ਹੋ ਰਹੇ ਹਨ।
ਪੈਸਾ ਕਮਾਉਣਾ ਹਰ ਕੋਈ ਚਾਹੁੰਦਾ ਹੈ, ਪਰ ਜੇ ਇਸ ਨੂੰ ਇੱਜ਼ਤ ਨਾਲ ਕਮਾਇਆ ਜਾਵੇ, ਤਾਂ ਉਸ ਦੀ ਕੋਈ ਰੀਸ ਨਹੀਂ। ਇਸ ਧੰਦੇ ਵਿਚ ਪੈਣ ਤੋਂ ਪਹਿਲਾਂ ਆਪਣੇ ਬਜ਼ੁਰਗਾਂ, ਆਪਣੇ ਘਰ-ਪਰਿਵਾਰ, ਆਪਣੀ ਆਉਣ ਵਾਲੀ ਨਸਲ ਬਾਰੇ ਇਕ ਵਾਰੀ ਜ਼ਰੂਰ ਸੋਚਣਾ ਚਾਹੀਦਾ ਹੈ। ਕਹਿੰਦੇ ਹਨ ਕਿ ਸੋ ਦਿਨ ਚੋਰ ਦੇ ਤੇ ਇਕ ਦਿਨ ਸਾਧ ਦਾ। ਕਹਿਣ ਦਾ ਭਾਵ ਗਲਤ ਕੰਮ ਕਰੋਗੇ, ਤਾਂ ਇਕ ਨਾ ਇਕ ਦਿਨ ਤਾਂ ਬੰਦਾ ਅੜਿੱਕੇ ਆ ਹੀ ਜਾਂਦਾ ਹੈ। ਸੋ ਬਿਹਤਰ ਹੈ ਕਿ ਸਹਿਜ ਚਾਲ ਚੱਲਦਿਆਂ ਹੱਕ ਹਲਾਲ ਦੀ ਖਾਈਏ, ਤਾਂ ਕਿ ਇਕ ਚੰਗਾ ਮਾਹੌਲ ਸਿਰਜਿਆ ਜਾ ਸਕੇ।


Share