ਨੌਕਰੀਆਂ ਘੱਟ ਪੈਦਾ ਹੋਣ ਦੇ ਬਾਵਜੂਦ ਅਮਰੀਕਾ ਨੇ ਪ੍ਰਗਤੀ ਕੀਤੀ ਹੈ : ਜੋਅ ਬਾਈਡਨ

276
Share

* ਕੋਵਿਡ ਮਹਾਂਮਾਰੀ ਦੇ ਮਾਰੂ ਅਸਰ ਤੋਂ ਬਾਹਰ ਆ ਰਹੀ ਹੈ ਅਰਥਵਿਵਸਥਾ
ਸੈਕਰਾਮੈਂਟੋ, 10 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਜੋਅ ਬਾਇਡਨ ਨੇ ਵਾਈਟ ਹਾਊਸ ’ਚ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਕੋਵਿਡ ਕਾਰਨ ਬੀਤੇ ਸਤੰਬਰ ਮਹੀਨੇ ਦੌਰਾਨ ਹਾਲਾਂਕਿ ਘੱਟ ਨੌਕਰੀਆਂ ਪੈਦਾ ਹੋਈਆਂ ਹਨ ਪਰੰਤੂ ਅਸੀਂ ਪ੍ਰਗਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਅਰਥਵਿਵਸਥਾ ਕੋਵਿਡ ਮਹਾਂਮਾਰੀ ਦੇ ਮਾਰੂ ਅਸਰ ਤੋਂ ਬਾਹਰ ਨਿਕਲ ਰਹੀ ਹੈ। ਉਨ੍ਹਾਂ ਨੇ ਸਤੰਬਰ ਮਹੀਨੇ ਦੇ ਦੂਸਰੇ ਹਫਤੇ ਦਾ ਜ਼ਿਕਰ ਕੀਤਾ, ਜਿਸ ਦੇ ਆਧਾਰ ’ਤੇ ਨੌਕਰੀਆਂ ਬਾਰੇ ਤਾਜ਼ਾ ਸਰਵੇ ਰਿਪੋਰਟ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਰੋਜ਼ਾਨਾ ਡੇਢ ਲੱਖ ਕੋਵਿਡ ਮਾਮਲੇ ਆ ਰਹੇ ਸਨ ਪਰੰਤੂ ਉਸ ਤੋਂ ਬਾਅਦ ਰੋਜ਼ਾਨਾ ਕੋਵਿਡ ਮਾਮਲਿਆਂ ’ਚ ਇਕ ਤਿਹਾਈ ਤੋਂ ਵਧ ਕਮੀ ਹੋਈ ਤੇ ਅਸੀਂ ਨਿਰੰਤਰ ਸੁਖਾਵੇਂ ਹਾਲਾਤ ਵੱਲ ਵਧ ਰਹੇ ਹਾਂ। ਬਾਇਡਨ ਨੇ ਕਿਹਾ ਕਿ ਅਸੀਂ ਸਤੰਬਰ ’ਚ ਨੌਕਰੀਆਂ ਪੈਦਾ ਕੀਤੀਆਂ ਹਨ, ਹਾਲਾਂਕਿ ਇਹ ਆਸ ਨਾਲੋਂ ਘੱਟ ਹਨ। ਸਤੰਬਰ ਮਹੀਨੇ ਦੌਰਾਨ 1,94,000 ਨੌਕਰੀਆਂ ਪੈਦਾ ਹੋਈਆਂ ਹਨ। ਇਸ ਤਰ੍ਹਾਂ ਨਿਰੰਤਰ ਅਮਰੀਕੀ ਅਰਥਵਿਵਸਥਾ ਪੁਨਰ ਬਹਾਲੀ ਵੱਲ ਵਧੀ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ’ਚ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਬਹੁਤ ਮੱਧਮ ਹੋ ਗਈ ਸੀ। ਬਿਊਰੋ ਆਫ ਲੇਬਰ ਸਟੈਟਸਟਿਕਸ ਅਨੁਸਾਰ ਸਤੰਬਰ ’ਚ ਬੇਰੁਜ਼ਗਾਰੀ ਦਰ ਘੱਟ ਕੇ 4.8% ਰਹਿ ਗਈ ਹੈ, ਜੋ ਅਗਸਤ ਵਿਚ 5.2% ਸੀ। ਸ਼ਿਆਹਫਾਮ ਲੋਕਾਂ ਦੀ ਬੇਰੁਜ਼ਗਾਰੀ ਦਰ ਅਗਸਤ ਵਿਚ 8.8% ਸੀ, ਉਹ ਸਤੰਬਰ ਵਿਚ ਘੱਟ ਕੇ 7.9% ਰਹਿ ਗਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਹਾਂ-ਪੱਖੀ ਸੰਕੇਤ ਹਨ, ਹਾਲਾਂਕਿ ਸਾਡੀ ਆਸ ਅਨੁਸਾਰ ਬੇਰੁਜ਼ਗਾਰੀ ਦਰ ਵਿਚ ਕਮੀ ਨਹੀਂ ਹੋਈ। ਬਾਇਡਨ ਨੇ ਕਿਹਾ ਕਿ ਅੱਜ ਦੀ ਰਿਪੋਰਟ ’ਚ ਬੇਰੁਜ਼ਗਾਰੀ ਦਰ 4.8% ਰਹਿ ਗਈ ਹੈ। ਮੇਰੇ ਅਹੁਦਾ ਸੰਭਾਲਣ ਤੋਂ ਬਾਅਦ ਕੋਵਿਡ ਮਹਾਂਮਾਰੀ ਦਰਮਿਆਨ ਅਰਥਵਿਵਸਥਾ ਅੱਗੇ ਵਧੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਵਿਚ ਅਸੀਂ ਪ੍ਰਗਤੀ ਕੀਤੀ ਹੈ। ਮੈਂ ਮੰਨਦਾ ਹਾਂ ਕਿ ਇਹ ਪ੍ਰਗਤੀ ਉਸ ਰਫਤਾਰ ਨਾਲ ਨਹੀਂ ਹੋ ਰਹੀ, ਜਿਸ ਰਫਤਾਰ ਦੀ ਅਸੀਂ ਤਵਕੋਂ ਕਰਦੇ ਹਾਂ ਪਰੰਤੂ ਅਸੀਂ ਨਿਗਰ ਪ੍ਰਗਤੀ ਦੇ ਰਾਹ ਉਪਰ ਅੱਗੇ ਵਧ ਰਹੇ ਹਾਂ।

Share