ਨੈਨਸੀ ਪੈਲੋਸੀ ਨੇ ਕੈਪੀਟਲ ਹਮਲੇ ਦੇ ਮਾਮਲੇ ‘ਚ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ 

370
Share

ਫਰਿਜ਼ਨੋ (ਕੈਲੀਫੋਰਨੀਆਂ),9 ਜਨਵਰੀ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਵੀ ਉਪ-ਰਾਸ਼ਟਰਪਤੀ ਮਾਈਕ ਪੈਂਸ ਨੂੰ 25 ਵੀ ਸੋਧ ਦੇ ਤਹਿਤ ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕਰ ਰਹੇ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਪੈਲੋਸੀ ਨੇ ਵੀਰਵਾਰ ਨੂੰ ਰਾਜਧਾਨੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਸਾਡੀ ਕੌਮ ਅਤੇ ਲੋਕਾਂ ‘ਤੇ ਅਚਾਨਕ ਹਮਲਾ ਕੀਤਾ ਹੈ, ਜਿਸਦੇ ਲਈ ਉਹ ਸੈਨੇਟ ਡੈਮੋਕ੍ਰੇਟ ਨੇਤਾ ਦੇ ਨਾਲ,  ਉਪ ਰਾਸ਼ਟਰਪਤੀ ਨੂੰ ਤੁਰੰਤ 25 ਵੀ ਸੋਧ ਤਹਿਤ ਰਾਸ਼ਟਰਪਤੀ ਨੂੰ ਹਟਾਉਣ ਦੀ ਬੇਨਤੀ ਕਰਦੀ ਹੈ। ਇਸ ਮਾਮਲੇ ਵਿੱਚ ਜੇਕਰ ਉਪ-ਰਾਸ਼ਟਰਪਤੀ ਅਤੇ ਕੈਬਨਿਟ ਕੰਮ ਨਹੀਂ ਕਰਦੇ ਤਾਂ ਕਾਂਗਰਸ ਇਸ ਬਾਰੇ ਅੱਗੇ ਵਧਣ ਲਈ ਤਿਆਰ ਹੋ ਸਕਦੀ ਹੈ। ਟਰੰਪ ਨੂੰ ਅਹੁਦੇ ਤੋਂ ਹਟਾਉਣ ਦੇ ਕਦਮ ਵਿੱਚ ਪੈਲੋਸੀ ਦੇ ਇਲਾਵਾ ਸੈਨੇਟ ਘੱਟਗਿਣਤੀ ਨੇਤਾ ਚੁਕ ਸ਼ੂਮਰ ਦੇ ਨਾਲ ਹੋਰ ਡੈਮੋਕਰੇਟ ਸੰਸਦ ਮੈਂਬਰਾਂ ਨੇ ਵੀ ਵੀਰਵਾਰ ਦੇ ਸ਼ੁਰੂ ਵਿੱਚ ਆਪਣੀ ਸਹਿਮਤੀ ਦਿੱਤੀ ਹੈ। ਅਮਰੀਕਾ ਵਿੱਚ 25 ਵੀਂ ਸੋਧ ਉਪ-ਰਾਸ਼ਟਰਪਤੀ ਅਤੇ ਕੈਬਨਿਟ ਦੀ ਬਹੁਗਿਣਤੀ ਨੂੰ ਕਿਸੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਦੀ ਸ਼ਕਤੀ ਦਿੰਦੀ ਹੈ ਜੇਕਰ ਉਹ ਨਿਰਧਾਰਤ ਕਰਦੇ ਹਨ ਕਿ ਰਾਸ਼ਟਰਪਤੀ ਆਪਣੇ ਅਹੁਦੇ ਦੀਆਂ ਸ਼ਕਤੀਆਂ ਅਤੇ ਡਿਊਟੀਆਂ ਨਿਭਾਉਣ ਵਿੱਚ ਅਸਮਰੱਥ ਹੈ। ਜਿਕਰਯੋਗ ਹੈ ਕਿ ਕੈਪੀਟਲ ਇਮਾਰਤ ਵਿੱਚ ਹਿੰਸਾ ਦੇ ਦੌਰਾਨ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਚੈਂਬਰਾਂ ਤੋਂ ਬਾਹਰ ਕੱਢ ਕੇ  ਤਕਰੀਬਨ ਪੰਜ ਘੰਟੇ ਤੱਕ ਕਿਸੇ ਸੁਰੱਖਿਅਤ ਜਗ੍ਹਾ ਵਿੱਚ ਰੱਖਿਆ ਗਿਆ ਸੀ। ਇਮਾਰਤ ਦੇ ਸੁਰੱਖਿਅਤ ਹੋਣ ਦੇ ਬਾਅਦ , ਸਾਰੇ ਮੈਂਬਰ ਚੋਣ ਗਿਣਤੀ ਪੂਰੀ ਕਰਨ ਲਈ ਵਾਪਸ ਪਰਤੇ ਅਤੇ ਵੀਰਵਾਰ ਸਵੇਰੇ ਰਾਸ਼ਟਰਪਤੀ ਦੀ ਚੋਣ ਵਿੱਚ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੀ ਜਿੱਤ ਦਾ ਐਲਾਨ ਕੀਤਾ।

Share