ਨੈਨਸੀ ਪੈਲੋਸੀ ਦੇ ਦਫਤਰ ਦੀ ਭੰਨਤੋੜ ਕਰਨ ਵਾਲਾ ਪ੍ਰਦਰਸ਼ਨਕਾਰੀ ਗਿ੍ਰਫਤਾਰ

274
Share

ਫਰਿਜ਼ਨੋ, 10 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਐੱਫ.ਬੀ.ਆਈ. ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੀ ਭੀੜ ਦੁਆਰਾ ਰਾਜਧਾਨੀ ’ਤੇ ਕੀਤੇ ਹਿੰਸਕ ਹਮਲੇ ਦੇ ਦੌਰਾਨ, ਇੱਕ ਫੋਟੋ ਰਾਹੀਂ ਸਾਹਮਣੇ ਆਏ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਦਫ਼ਤਰ ’ਚ ਡੈਸਕ ’ਤੇ ਬੈਠੇ ਹੋਏ ਇੱਕ ਅਰਕਨਸਾਸ ਦੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ। ਐੱਫ.ਬੀ.ਆਈ. ਲਿਟਲ ਰਾਕ ਦੇ ਬੁਲਾਰੇ ਕੌਨੋਰ ਹੇਗਨ ਨੇ ਦੱਸਿਆ ਕਿ ਫੋਟੋ ਵਿਚਲੇ ਰਿਚਰਡ ਬਾਰਨੇਟ ਨਾਮ ਦੇ ਇਸ ਆਦਮੀ ਨੇ ਅਰਕਨਸਾਸ ਦੇ ਬੇਂਟਨਵਿਲ ’ਚ ਬੈਂਟਨ ਕਾਉਂਟੀ ਸ਼ੈਰਿਫ ਦੇ ਦਫਤਰ ਵਿਚ ਆਪਣੇ ਆਪ ਨੂੰ ਐੱਫ.ਬੀ.ਆਈ. ਏਜੰਟਾਂ ਦੇ ਸਪੁਰਦ ਕੀਤਾ ਹੈ ਅਤੇ ਬਾਰਨੇਟ ਨੂੰ ਅਰਕਨਸਾਸ ਵਿਚ ਫਾਇਟਵਿਲੇ ਨੇੜੇ ਵਾਸ਼ਿੰਗਟਨ ਕਾਉਂਟੀ ਨਜ਼ਰਬੰਦੀ ਕੇਂਦਰ ਦੀ ਕੈਦ ਵਿਚ ਭੇਜਿਆ ਗਿਆ ਹੈ। ਵਾਸ਼ਿੰਗਟਨ ਦੇ ਇੱਕ ਵਕੀਲ ਕੇਨ ਕੋਹਲ ਅਨੁਸਾਰ ਬਾਰਨੇਟ ਉੱਤੇ ਪੈਲੋਸੀ ਦੇ ਦਫ਼ਤਰ ਵਿਚ ਦਾਖਲ ਹੋਣ ਲਈ ਦੋਸ਼ ਲਾਇਆ ਗਿਆ ਹੈ, ਜਿੱਥੇ ਉਸਨੇ ਇੱਕ ਨੋਟ ਛੱਡਣ ਦੇ ਨਾਲ ਕੁੱਝ ਮੇਲਾਂ ਨੂੰ ਵੀ ਹਟਾ ਦਿੱਤਾ ਸੀ। 60 ਸਾਲਾਂ ਬਾਰਨੇਟ ਨੂੰ ਤਿੰਨ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਵਿਚ ਬਿਨਾਂ ਅਧਿਕਾਰ ਦੇ ਇੱਕ ਸੀਮਤ ਇਮਾਰਤ ’ਚ ਦਾਖਲ ਹੋਣਾ, ਕੈਪੀਟਲ ਦੇ ਮੈਦਾਨਾਂ ਵਿਚ ਹਿੰਸਕ ਪ੍ਰਵੇਸ਼ ’ਤੇ ਵਿਘਨ ਪਾਉਣਾ ਅਤੇ ਜਨਤਕ ਜਾਇਦਾਦ ਜਾਂ ਰਿਕਾਰਡਾਂ ਦੀ ਚੋਰੀ ਕਰਨ ਦੇ ਦੋਸ਼ ਸ਼ਾਮਿਲ ਹਨ। ਜੇਕਰ ਇਹ ਵਿਅਕਤੀ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸਨੂੰ ਸੰਘੀ ਜੇਲ੍ਹ ਵਿਚ ਇੱਕ ਸਾਲ ਤੱਕ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਿ੍ਰਫਤਾਰ ਕੀਤਾ ਗਿਆ ਟਰੰਪ ਹਮਾਇਤੀ ਬਾਰਨੇਟ ਉੱਤਰ ਪੱਛਮੀ ਅਰਕਨਸਾਸ ਵਿਚ ਇੱਕ ਛੋਟੇ ਸ਼ਹਿਰ ਗ੍ਰੈਵੇਟ ਤੋਂ ਹੈ ਅਤੇ ਸੋਸ਼ਲ ਮੀਡੀਆ ’ਤੇ ਉਸਨੇ ਆਪਣੀ ਪਛਾਣ ਟਰੰਪ ਦੇ ਸਮਰਥਕ ਵਜੋਂ ਕੀਤੀ ਹੈ।

Share